ਪੁੱਤਰ ਦੀ ਲਾਲਸਾ 'ਚ ਵਿਅਕਤੀ ਨੇ ਨਵਜੰਮੀ ਬੱਚੀ ਦਾ ਗੋਲੀ ਮਾਰ ਕੇ ਕੀਤਾ ਕਤਲ
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।
ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਪੁੱਤਰ ਦੀ ਚਾਹ ਰੱਖਣ ਵਾਲੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ 7 ਦਿਨਾਂ ਦੀ ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਐਤਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਗ੍ਰਹਿ ਨਗਰ ਮੀਆਂਵਾਲੀ ਵਿਚ ਵਾਪਰੀ।
New Born baby
ਇਕ ਸੀਨੀਅਰ ਪੁਲਿਸ ਅਧਿਕਾਰੀ ਇਸਮਾਈਲ ਖਰਾਕ ਅਨੁਸਾਰ, ਸ਼ੱਕੀ ਸ਼ਾਹਜੈਬ ਖਾਨ ਨੇ ਦੋ ਸਾਲ ਪਹਿਲਾਂ ਮਸ਼ਾਲ ਫਾਤਿਮਾ ਨਾਲ ਵਿਆਹ ਕਰਵਾਇਆ ਸੀ ਅਤੇ ਉਸ ਨੇ ਇਕ ਹਫ਼ਤੇ ਪਹਿਲਾਂ ਇਕ ਧੀ ਨੂੰ ਜਨਮ ਦਿੱਤਾ ਸੀ। ਇਸਮਾਈਲ ਖਰਾਕ ਨੇ ਕਿਹਾ, ''ਲੜਕੀ ਹੋਣ ਦੀ ਖ਼ਬਰ ਸੁਣ ਕੇ ਖਾਨ ਨੇ ਆਪਣੀ ਪਤਨੀ ਅਤੇ ਬੇਟੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਲੜਕੀ ਦਾ ਨਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਜੰਨਤ ਰੱਖਿਆ ਸੀ”।
Murder
ਫਾਤਿਮਾ ਦੇ ਹਵਾਲੇ ਨਾਲ ਉਹਨਾਂ ਨੇ ਦੱਸਿਆ ਕਿ ਖਾਨ ਬਹੁਤ ਗੁੱਸੇ 'ਚ ਸੀ। ਉਹ ਕੁਝ ਦਿਨ ਪਹਿਲਾਂ ਹੀ ਘਰੋਂ ਨਿਕਲਿਆ ਸੀ ਅਤੇ ਐਤਵਾਰ ਨੂੰ ਹੀ ਆਪਣੀ ਧੀ ਨੂੰ ਮਾਰਨ ਲਈ ਘਰ ਆਇਆ ਸੀ। ਫਾਤਿਮਾ ਨੇ ਕਿਹਾ, ''ਗੁੱਸੇ 'ਚ ਆ ਕੇ ਉਸ ਨੇ ਪਹਿਲਾਂ ਮੈਨੂੰ ਕੁੱਟਿਆ ਅਤੇ ਸਾਡੀ ਬੇਟੀ ਨੂੰ ਬਦੁਆ ਦਿੱਤਾ। ਬਾਅਦ ਵਿਚ ਉਸ ਨੇ ਅਲਮਾਰੀ ਵਿਚੋਂ ਇਕ ਪਿਸਤੌਲ ਕੱਢਿਆ ਅਤੇ ਉਸ ਦੇ ਸਰੀਰ 'ਤੇ ਗੋਲੀਆਂ ਚਲਾ ਦਿੱਤੀਆਂ”।
New Born baby
ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਬੇਟੀ ਨਹੀਂ ਸਗੋਂ ਬੇਟਾ ਚਾਹੁੰਦਾ ਸੀ। ਉਸ ਨੇ ਕਿਹਾ, "ਮੇਰਾ ਪਤੀ ਇੱਕ ਲੜਕਾ ਚਾਹੁੰਦਾ ਸੀ ਪਰ ਪਰਿਵਾਰ ਵਿਚ ਕੋਈ ਨਹੀਂ ਜਾਣਦਾ ਸੀ ਕਿ ਉਹ ਆਪਣੀ ਹੀ ਧੀ ਦਾ ਕਤਲ ਕਰਕੇ ਅਜਿਹਾ ਘਿਨਾਉਣਾ ਅਪਰਾਧ ਕਰੇਗਾ।" ਘਟਨਾ ਤੋਂ ਖਾਨ ਫਰਾਰ ਹੈ ਅਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਾਤਿਮਾ ਦੇ ਭਰਾ ਦੀ ਸ਼ਿਕਾਇਤ 'ਤੇ ਖਾਨ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਸੂਬਾਈ ਅਧਿਕਾਰੀ ਨੂੰ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।