ਬਾਈਡਨ ਨੇ ਟਰੰਪ ’ਤੇ ਲਾਇਆ ਨਿਸ਼ਾਨਾ, ਲੋਕਤੰਤਰ ਖਤਰੇ ’ਚ ਪਾਉਣ ਦਾ ਦੋਸ਼ ਲਾਇਆ
ਟਰੰਪ ’ਤੇ ਲਾਇਆ ਰੂਸ ਅੱਗੇ ਝੁਕਣ ਦਾ ਦੋਸ਼
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ’ਤੇ ਦੇਸ਼ ਅਤੇ ਵਿਸ਼ਵ ਪੱਧਰ ’ਤੇ ਲੋਕਤੰਤਰ ਨੂੰ ਖਤਰਾ ਪੈਦਾ ਕਰਨ, ਰੂਸ ਅੱਗੇ ਗੋਡੇ ਟੇਕਣ ਅਤੇ ‘ਨਾਰਾਜ਼ਗੀ ਅਤੇ ਬਦਲਾ ਲੈਣ’ ਦਾ ਸਮਰਥਨ ਕਰਨ ਦਾ ਦੋਸ਼ ਲਾਇਆ ਹੈ।
ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਬਾਈਡਨ ਨੇ ਟਰੰਪ ਦਾ ਨਾਂ ਲਏ ਬਿਨਾਂ ਉਨ੍ਹਾਂ ਦਾ ਜ਼ਿਕਰ ਅਪਣੇ ਪੂਰਵਗਾਮੀ ਵਜੋਂ ਕੀਤਾ। ਬਾਈਡਨ ਨੇ ਇਕ ਘੰਟੇ ਤੋਂ ਵੱਧ ਸਮੇਂ ਤਕ ਚੱਲੇ ਅਪਣੇ ਭਾਸ਼ਣ ਵਿਚ 13 ਵਾਰ ਟਰੰਪ ਦਾ ਜ਼ਿਕਰ ਕੀਤਾ। ਸੁਪਰ ਮੰਗਲਵਾਰ ਤੋਂ ਬਾਅਦ ਨਵੰਬਰ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਬਾਈਡਨ ਅਤੇ ਟਰੰਪ ਵਿਚਾਲੇ ਦੁਬਾਰਾ ਮੁਕਾਬਲੇ ਦਾ ਰਸਤਾ ਸਾਫ ਹੋ ਗਿਆ ਹੈ।
81 ਸਾਲ ਦੇ ਬਾਈਡਨ ਅਮਰੀਕਾ ਦੇ ਸੱਭ ਤੋਂ ਬਜ਼ੁਰਗ ਰਾਸ਼ਟਰਪਤੀ ਹਨ। ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਾਰੇ ਹਾਲੀਆ ਟਿਪਣੀਆਂ ਤੋਂ ਲੈ ਕੇ ਇਮੀਗ੍ਰੇਸ਼ਨ, 6 ਜਨਵਰੀ ਦੀ ਬਗਾਵਤ ਅਤੇ ਗਰਭਪਾਤ ਅਤੇ ਬੰਦੂਕ ਕੰਟਰੋਲ ਤਕ ਕਈ ਮੁੱਦਿਆਂ ’ਤੇ ਟਰੰਪ (77) ਦੀ ਆਲੋਚਨਾ ਕੀਤੀ। ਡੈਮੋਕ੍ਰੇਟਿਕ ਨੇਤਾ ਬਾਈਡਨ ਨੇ ਕਿਹਾ, ‘‘ਇਕ ਰਾਸ਼ਟਰਪਤੀ, ਮੇਰਾ ਪੂਰਵਗਾਮੀ, ਜੋ ਸੱਭ ਤੋਂ ਬੁਨਿਆਦੀ ਫਰਜ਼ ਨਿਭਾਉਣ ਵਿਚ ਅਸਫਲ ਰਿਹਾ। ਹਰ ਰਾਸ਼ਟਰਪਤੀ ਦਾ ਫਰਜ਼ ਬਣਦਾ ਹੈ ਕਿ ਉਹ ਅਮਰੀਕੀ ਲੋਕਾਂ ਦੀ ਦੇਖਭਾਲ ਕਰੇ। ਇਹ ਮੁਆਫੀ ਯੋਗ ਨਹੀਂ ਹੈ।’’
ਉਨ੍ਹਾਂ ਕਿਹਾ, ‘‘‘ਹੁਣ ਮੇਰੇ ਸਾਬਕਾ ਰਿਪਬਲਿਕਨ ਰਾਸ਼ਟਰਪਤੀ ਪੁਤਿਨ ਨੂੰ ਕਹਿੰਦੇ ਹਨ ਕਿ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਉਹ ਕਰੋ। ਦਰਅਸਲ, ਇਕ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਕ ਰੂਸੀ ਨੇਤਾ ਅੱਗੇ ਝੁਕਦਿਆਂ ਇਹ ਗੱਲ ਕਹੀ। ਇਹ ਘਿਨਾਉਣਾ ਹੈ, ਇਹ ਖਤਰਨਾਕ ਹੈ। ਇਹ ਅਸਵੀਕਾਰਯੋਗ ਹੈ।’’ ਟਰੰਪ ਨੇ ਹਾਲ ਹੀ ’ਚ ਕਿਹਾ ਸੀ ਕਿ ਉਹ ਰੂਸ ਨੂੰ ਨਾਟੋ ਦੇ ਕਿਸੇ ਵੀ ਮੈਂਬਰ ਦੇਸ਼ ਦੇ ਵਿਰੁਧ ‘ਜੋ ਵੀ ਚਾਹੁੰਦੇ ਹਨ’ ਕਰਨ ਲਈ ਉਤਸ਼ਾਹਿਤ ਕਰਨਗੇ, ਜੋ ਰੱਖਿਆ ’ਤੇ ਖਰਚ ਦੇ ਹਦਾਇਤਾਂ ਨੂੰ ਪੂਰਾ ਨਹੀਂ ਕਰਦਾ। ਟਰੰਪ ਨੇ ਕਿਹਾ ਸੀ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਗੱਠਜੋੜ ਦੇ ਸਮੂਹਕ ਰੱਖਿਆ ਪ੍ਰਬੰਧਾਂ ਦੀ ਪਾਲਣਾ ਨਹੀਂ ਕਰਨਗੇ।
ਬਾਈਡਨ ਨੇ ਕਿਹਾ ਕਿ ਉਹ ਅਮਰੀਕਾ ਨੂੰ ਦੇਸ਼ ਦੇ ਇਤਿਹਾਸ ਦੇ ਸੱਭ ਤੋਂ ਮੁਸ਼ਕਲ ਦੌਰ ਤੋਂ ਬਾਹਰ ਕੱਢਣ ਦੇ ਦ੍ਰਿੜ ਇਰਾਦੇ ਨਾਲ ਸੱਤਾ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਲਿੰਕਨ ਦੇ ਸਮੇਂ ਤੋਂ ਲੈ ਕੇ ਗ੍ਰਹਿ ਜੰਗ ਤੋਂ ਬਾਅਦ ਕਦੇ ਵੀ ਦੇਸ਼ ਵਿਚ ਆਜ਼ਾਦੀ ਅਤੇ ਲੋਕਤੰਤਰ ’ਤੇ ਹਮਲਾ ਨਹੀਂ ਹੋਇਆ, ਜਿੰਨਾ ਅੱਜ ਹੈ। ਉਨ੍ਹਾਂ ਕਿਹਾ, ‘‘ਸਾਡੇ ਸਮੇਂ ਨੂੰ ਦੁਰਲੱਭ ਬਣਾਉਣ ਵਾਲੀ ਗੱਲ ਇਹ ਹੈ ਕਿ ਉਸੇ ਸਮੇਂ, ਆਜ਼ਾਦੀ ਅਤੇ ਲੋਕਤੰਤਰ ’ਤੇ ਦੇਸ਼ ਅਤੇ ਵਿਦੇਸ਼ ਦੋਹਾਂ ’ਚ ਹਮਲੇ ਹੋ ਰਹੇ ਹਨ। ਵਿਦੇਸ਼ਾਂ ’ਚ, ਰੂਸ ਦੇ ਪੁਤਿਨ ਯੂਕਰੇਨ ’ਤੇ ਹਮਲਾ ਕਰ ਰਹੇ ਹਨ ਅਤੇ ਪੂਰੇ ਯੂਰਪ ਅਤੇ ਇਸ ਤੋਂ ਬਾਹਰ ਅਰਾਜਕਤਾ ਫੈਲਾ ਰਹੇ ਹਨ।’’
ਉਨ੍ਹਾਂ ਨੇ ਰੂਸ ਨੂੰ ਰੋਕਣ ਲਈ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾਉਣ ਲਈ ਅਮਰੀਕੀ ਕਾਂਗਰਸ ਤੋਂ ਵੀ ਸਮਰਥਨ ਮੰਗਿਆ। ਬਾਈਡਨ ਨੇ ਕਿਹਾ, ‘‘ਜੇਕਰ ਇਸ ਕਮਰੇ ’ਚ ਕੋਈ ਸੋਚਦਾ ਹੈ ਕਿ ਪੁਤਿਨ ਯੂਕਰੇਨ ’ਚ ਹੀ ਰਹਿਣਗੇ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਉਹ ਅਜਿਹਾ ਨਹੀਂ ਕਰਨਗੇ। ਪਰ ਯੂਕਰੇਨ ਪੁਤਿਨ ਨੂੰ ਰੋਕ ਸਕਦਾ ਹੈ, ਜੇ ਅਸੀਂ ਯੂਕਰੇਨ ਦੇ ਨਾਲ ਖੜੇ ਹਾਂ ਅਤੇ ਉਸ ਨੂੰ ਅਪਣੀ ਰੱਖਿਆ ਲਈ ਲੋੜੀਂਦੇ ਹਥਿਆਰ ਪ੍ਰਦਾਨ ਕਰ ਸਕਦੇ ਹਾਂ। ਬਾਈਡਨ ਨੇ ਕਿਹਾ ਕਿ ਯੂਕਰੇਨ ਸਿਰਫ ਇੰਨਾ ਹੀ ਕਹਿ ਰਿਹਾ ਹੈ।’’ ਬਾਈਡਨ ਨੇ ਕਿਹਾ ਕਿ ਉਹ (ਯੂਕਰੇਨ) ਅਮਰੀਕੀ ਫ਼ੌਜੀਆਂ ਦੀ ਮੰਗ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅਸਲ ’ਚ ਯੂਕਰੇਨ ਜੰਗ ’ਚ ਕੋਈ ਅਮਰੀਕੀ ਫੌਜੀ ਨਹੀਂ ਹੈ। ਅਤੇ ਮੈਂ ਇਸ ਨੂੰ ਇਸੇ ਤਰ੍ਹਾਂ ਰੱਖਣ ਲਈ ਵਚਨਬੱਧ ਹਾਂ।’’
ਬਾਈਡਨ ਨੇ ਕਿਹਾ, ‘‘ਪਰ ਹੁਣ ਯੂਕਰੇਨ ਨੂੰ ਦਿਤੀ ਜਾਣ ਵਾਲੀ ਸਹਾਇਤਾ ਨੂੰ ਉਹ ਲੋਕ ਰੋਕ ਰਹੇ ਹਨ ਜੋ ਚਾਹੁੰਦੇ ਹਨ ਕਿ ਅਸੀਂ ਦੁਨੀਆਂ ਵਿਚ ਅਪਣੀ ਲੀਡਰਸ਼ਿਪ ਤੋਂ ਮੂੰਹ ਮੋੜ ਲਵਾਂ।’’