ਬੈਲਜ਼ੀਅਮ ਦੇ ਮਸ਼ਹੂਰ 'ਮੂਤਣ ਵਾਲੇ ਬੱਚੇ' ਨੂੰ ਹੁਣ ਕੀਤਾ ਜਾਵੇਗਾ 'ਸੂਤ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਰੂਸੇਲਸ 'ਚ ਲੱਗੀ ਹੋਈ ਹੈ ਪਿਸ਼ਾਬ ਕਰਨ ਵਾਲੇ ਬੱਚੇ ਦੀ ਮੂਰਤੀ

The Famous Manneken-Pis: The Peeing Boy

ਬੈਲਜ਼ੀਅਮ- ਵਿਸ਼ਵ ਦੇ ਕਈ ਦੇਸ਼ ਇਸ ਸਮੇਂ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਕੁੱਝ ਅਜਿਹੇ ਦੇਸ਼ ਵੀ ਨੇ ਜੋ ਪਾਣੀ ਦੀ ਬੇਵਜ੍ਹਾ ਬਰਬਾਦੀ ਕਰ ਰਹੇ ਹਨ। ਬੈਲਜ਼ੀਅਮ ਸਰਕਾਰ ਨੇ ਵੀ ਰਾਜਧਾਨੀ ਬਰੂਸੇਲਸ ਵਿਚ ਲੱਗੇ ਮਸ਼ਹੂਰ 'ਮਾਨਿਕਨ ਪਿਸ' ਭਾਵ ਪਿਸ਼ਾਬ ਕਰਨ ਵਾਲੇ ਬੱਚੇ ਦੇ ਬੁੱਤ ਨੂੰ ਲੈ ਕੇ ਵੱਡਾ ਫ਼ੈਸਲਾ ਲੈਂਦਿਆਂ ਇਸ ਦੇ ਪਾਣੀ ਨੂੰ ਮੁੜ ਵਰਤੋਂ ਵਿਚ ਲੈਣ ਦੀ ਗੱਲ ਕਹੀ ਹੈ। ਬੈਲਜੀਅਮ ਦੇ ਮੂਰਤੀ ਕਲਾ ਦੀ ਸੁਚੱਜੇ ਨਮੂਨੇ ਦੀ ਝਲਕ ਪੇਸ਼ ਕਰਦੀ ਇਹ 400 ਸਾਲ ਪੁਰਾਣੀ ਬੱਚੇ ਦੀ ਮੂਰਤੀ ਹਰ ਰੋਜ਼ 2500 ਲੀਟਰ ਤਕ ਪੀਣਯੋਗ ਸਾਫ਼ ਪਾਣੀ ਡੋਲ੍ਹ ਦਿੰਦੀ ਸੀ।

ਜਦਕਿ ਸਥਾਨਕ ਪ੍ਰਸ਼ਾਸਨ ਹੁਣ ਤਕ ਭੁਲੇਖੇ ਵਿਚ ਹੀ ਸੀ ਕਿ ਬੁੱਤ ਵਲੋਂ ਵਰਤਿਆ ਜਾਣ ਵਾਲਾ ਇਹ ਪਾਣੀ ਮੁੜ ਤੋਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ। 17ਵੀਂ ਸਦੀ ਦੇ ਇਸ ਕਾਕੇ ਨੂੰ ਜੇਰੋਮ ਡੁਕਿਊਸਨੋਏ ਨਾਂ ਦੇ ਕਲਾਕਾਰ ਨੇ ਪਿੱਤਲ ਤੋਂ ਤਿਆਰ ਕੀਤਾ ਸੀ। ਇਹ ਇੰਨਾ ਪ੍ਰਸਿੱਧ ਹੋਇਆ ਸੀ ਕਿ ਦੁਨੀਆ ਵਿਚ ਕਈ ਥਾਵਾਂ 'ਤੇ ਇਸ ਦੀ ਨਕਲ ਕਰਕੇ ਬੁੱਤ ਸਥਾਪਤ ਕੀਤੇ ਗਏ। ਉਦੋਂ ਤੋਂ ਬਰੂਸੇਲਸ ਦੀ ਸ਼ਾਨ ਕਹੇ ਜਾਣ ਵਾਲੇ ਇਸ ਬੁੱਤ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ।

ਉਦੋਂ ਬੁੱਤ ਵਿਚ ਸਾਫ ਪਾਣੀ ਦਾ ਕੁਨੈਕਸ਼ਨ ਜੋੜਿਆ ਗਿਆ ਸੀ, ਫਿਰ ਕਿਸੇ ਨੇ ਗੌਰ ਹੀ ਨਹੀਂ ਕੀਤੀ ਕਿ ਬੁੱਤ ਵਿਚੋਂ ਬਾਹਰ ਆਉਣ ਵਾਲੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ। ਊਰਜਾ ਮਾਹਰ ਰੇਗਿਸ ਕਾਲਿੰਸ ਨੇ ਇਸ 'ਤੇ ਖੋਜ ਕੀਤੀ ਕਿ 24 ਇੰਚ ਦਾ ਇਹ ਬੱਚਾ ਰੋਜ਼ਾਨਾ ਇਕ ਹਜ਼ਾਰ ਤੋਂ 2500 ਲੀਟਰ ਤਕ ਪਾਣੀ ਫਾਲਤੂ ਹੀ ਵਹਾਅ ਦਿੰਦਾ ਹੈ। ਜਦਕਿ ਇੰਨਾ ਪਾਣੀ ਬੈਲਜ਼ੀਅਮ ਦੇ ਕਰੀਬ 10 ਘਰਾਂ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰ ਸਕਦਾ ਹੈ। ਹੁਣ 'ਮਾਨਿਕਨ ਪਿਸ' ਨੂੰ ਪਾਣੀ ਦਾ ਅੰਦਰੂਨੀ ਸਰਕਿਟ ਬਣਾ ਕੇ ਜੋੜਿਆ ਜਾਵੇਗਾ ਭਾਵ ਕਿ ਬੁੱਤ ਵਿਚੋਂ ਬਾਹਰ ਆਉਣ ਵਾਲਾ ਪਾਣੀ ਹੀ ਮੁੜ ਤੋਂ ਉਸ ਦੀ ਵਰਤੋਂ ਵਿਚ ਲਿਆਂਦਾ ਜਾਵੇਗਾ।

ਇਸ ਮਸ਼ਹੂਰ ਬੱਚੇ ਦੇ ਬੁੱਤ ਨੂੰ ਹਰ ਸਾਲ 130 ਵਾਰ ਕੱਪੜੇ ਪੁਵਾਏ ਜਾਂਦੇ ਹਨ ਅਤੇ ਹੁਣ ਤਕ ਇਸ ਬੱਚੇ ਦੀਆਂ ਕਰੀਬ ਇਕ ਹਜ਼ਾਰ ਪੁਸ਼ਾਕਾਂ ਬਦਲੀਆਂ ਜਾ ਚੁੱਕੀਆਂ ਹਨ। ਇਹ ਪੁਸ਼ਾਕਾਂ ਵੱਖ-ਵੱਖ ਸੱਭਿਆਚਾਰਾਂ ਦੇ ਬੱਚਿਆਂ ਵੱਲੋਂ ਪਹਿਨੇ ਜਾਣ ਵਾਲੇ ਕੱਪੜੇ ਹੀ ਹੁੰਦੇ ਹਨ। 'ਮਾਨਿਕਨ ਪਿਸ' ਦੁਨੀਆ ਦੇ ਸਰਬੋਤਮ 45 ਸੈਰਗਾਹਾਂ ਵਿਚੋਂ ਇਕ ਹੈ। ਜਿੱਥੇ ਹੁਣ ਪਾਣੀ ਦੀ ਦੁਰਵਰਤੋਂ ਨਹੀਂ ਹੋਵੇਗੀ। ਦੇਖੋ ਵੀਡੀਓ