ਆਈ.ਐਨ.ਸੀ.ਬੀ ਚੋਣਾਂ 'ਚ ਮੁੜ ਚੁਣੀ ਗਈ ਭਾਰਤ ਦੀ ਜਗਜੀਤ ਪਵਾਡੀਆ
ਪਵਾਡੀਆ ਨੇ ਸਭ ਤੋਂ ਵੱਧ 44 ਵੋਟਾਂ ਲੈ ਕੇ ਰੀਕਾਰਡ ਜਿੱਤ ਹਾਸਿਲ ਕੀਤੀ
ਸੰਯੁਕਤ ਰਾਸ਼ਟਰ : ਭਾਰਤ ਦੀ ਜਗਜੀਤ ਪਵਾਡੀਆ ਨੂੰ ਇਕ ਹੋਰ ਕਾਰਜਕਾਲ ਲਈ 'ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਬੋਰਡ' (ਆਈ.ਐੱਨ.ਸੀ.ਬੀ) ਲਈ ਚੁਣਿਆ ਗਿਆ ਹੈ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ 44 ਵੋਟਾਂ ਮਿਲੀਆਂ। ਪਵਾਡੀਆ ਨੇ ਅਪਣੀ ਵਿਰੋਧੀ ਚੀਨ ਦੀ ਵੇਈ ਹੋਉ ਨੂੰ ਹਰਾਇਆ। ਉਨ੍ਹਾਂ ਨੇ ਰਿਕਾਰਡ ਵੋਟਾਂ ਨਾਲ ਇਹ ਜਿੱਤ ਹਾਸਲ ਕੀਤੀ। ਪਵਾਡੀਆ ਸਾਲ 2015 ਤੋਂ ਆਈ.ਐੱਨ.ਸੀ.ਬੀ. ਦੀ ਮੈਂਬਰ ਹੈ ਅਤੇ ਉਨ੍ਹਾਂ ਦਾ ਮੌਜੂਦਾ ਕਾਰਜਕਾਲ 2020 ਵਿਚ ਖ਼ਤਮ ਹੋਣਾ ਸੀ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਸੈਯਦ ਅਕਬਰੂਦੀਨ ਨੇ ਚੋਣ ਨਤੀਜੇ ਦੇ ਐਲਾਨ ਦੇ ਬਾਅਦ ਟਵੀਟ ਕੀਤਾ,''ਭਾਰਤੀ ਦੀ ਜਗਜੀਤ ਪਵਾਡੀਆ ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਬੋਰਡ ਦੀਆਂ ਚੋਣਾਂ ਵਿਚ ਸ਼ਿਖਰ 'ਤੇ ਰਹੀ।'' ਉਨ੍ਹਾਂ ਨੇ ਕਿਹਾ,''ਅਸੀਂ ਭਾਰਤ ਦੇ ਉਨ੍ਹਾਂ ਸਾਰੇ ਕਈ ਦੋਸਤਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਨ੍ਹਾਂ ਚੋਣਾਂ ਵਿਚ ਸਾਡੀ ਜਿੱਤ ਯਕੀਨੀ ਕੀਤੀ।'' 54 ਮੈਂਬਰੀ ਆਰਥਿਕ ਅਤੇ ਸਮਾਜਿਕ ਪਰੀਸ਼ਦ ਨੇ ਮੰਗਲਵਾਰ ਨੂੰ ਗੁਪਤ ਵੋਟਿੰਗ ਜ਼ਰੀਏ ਚੋਣਾਂ ਕਰਵਾਈਆਂ ਸਨ ਜਿਨ੍ਹਾਂ ਵਿਚ 5 ਸੀਟਾਂ ਲਈ 15 ਉਮੀਦਵਾਰ ਮੈਦਾਨ ਵਿਚ ਸਨ।
ਹੁਣ ਪਵਾਡੀਆ ਦਾ ਦੂਜਾ ਕਾਰਜਕਾਲ 2 ਮਾਰਚ, 2020 ਨੂੰ ਸ਼ੁਰੂ ਹੋ ਕੇ 1 ਮਾਰਚ, 2025 ਤਕ ਖਤਮ ਹੋਵੇਗਾ। ਚੀਨ ਦੀ ਉਮੀਦਵਾਰ ਵੇਈ ਹੋਉ ਨੂੰ ਪਹਿਲੇ ਗੇੜ ਦੀ ਵੋਟਿੰਗ ਵਿਚ ਸਿਰਫ਼ 23 ਵੋਟਾਂ ਮਿਲਿਆਂ, ਦੂਜੇ ਗੇੜ ਦੀ ਵੋਟਿੰਗ ਦੇ ਬਾਅਦ ਫ਼ਰਾਂਸ ਦੇ ਬਰਨਾਲਡ ਲੇਲਾਏ ਅਤੇ ਕੋਲੰਬੀਆ ਦੀ ਵਿਵਿਯਾਨਾ ਮੈਨਰਿਕ ਜੁਲੁਆਗਾ ਨੂੰ ਚੁਣਿਆ ਗਿਆ। 1954 ਵਿਚ ਪੈਦਾ ਹੋਈ ਪਾਵਡੀਆ ਨੇ 1988 'ਚ ਦਿੱਲੀ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ ਕੀਤੀ।