ਗਵਾਟੇਮਾਲਾ ਜਵਾਲਾਮੁਖੀ ਧਮਾਕੇ 'ਚ ਹੁਣ ਤਕ 109 ਲੋਕਾਂ ਦੀ ਮੌਤ, ਤਲਾਸ਼ੀ ਮੁਹਿੰਮ ਰੋਕੀ
ਗਵਾਟੇਮਾਲਾ ਦੇ ਫੂਗੋ ਜਵਾਲਾਮੁਖੀ ਵਿਚ ਭਿਆਨਕ ਧਮਾਕਾ ਹੋਣ ਤੋਂ ਬਾਅਦ ਮੌਤ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ...
ਗਵਾਟੇਮਾਲਾ ਦੇ ਫੂਗੋ ਜਵਾਲਾਮੁਖੀ ਵਿਚ ਭਿਆਨਕ ਧਮਾਕਾ ਹੋਣ ਤੋਂ ਬਾਅਦ ਮੌਤ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜਵਾਲਾਮੁਖੀ ਧਮਾਕਾ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਵਧ ਕੇ 109 ਹੋ ਗਈ ਹੈ ਅਤੇ ਕਰੀਬ 200 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਰਾਹਤ ਅਤੇ ਬਚਾਅ ਕਰਮੀਆਂ ਨੇ ਜਵਾਲਾਮੁਖੀ ਦੀ ਲਪੇਟ ਵਿਚ ਆਏ ਪਿੰਡਾਂ ਵਿਚ ਹੁਣ ਤਲਾਸ਼ੀ ਮੁਹਿੰਮ ਬੰਦ ਕਰ ਦਿਤੀ ਹੈ। ਮੁਹਿੰਮ ਬੰਦ ਹੋਣ ਤੋਂ ਬਾਅਦ ਸਥਾਨਕ ਲੋਕ ਅਪਣੇ ਪਰਵਾਰਕ ਮੈਂਬਰਾਂ ਨੂੰ ਖ਼ੁਦ ਹੀ ਲੱਭਣ ਲਈ ਮਜਬੂਰ ਹਨ।
ਜਵਾਲਾਮੁਖੀ ਧਮਾਕੇ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਭਾਵਤ ਇਲਾਕਿਆਂ ਚਿਮਾਲਟੇਨੇਂਗੋ, ਸੇਕਾਟੇਪੇਕੇਜ, ਇਸਕੁਇੰਤਲਾ ਵਿਚ ਐਮਰਜੈਂਸੀ ਐਲਾਨ ਕੀਤੀ ਗਈ ਹੈ। ਉਧਰ ਇਸ ਜਵਾਲਾਮੁਖੀ ਨੂੰ ਲੈ ਕੇ ਅਫਸਰਾਂ ਦਾ ਕਹਿਣਾ ਹੈ ਕਿ 1974 ਤੋਂ ਬਾਅਦ ਹੁਣ ਫਿਊਗੋ ਵਿਚ ਇੰਨਾ ਜ਼ੋਰਦਾਰ ਧਮਾਕਾ ਹੋਇਆ ਹੈ। ਬਚਾਅ ਅਤੇ ਰਾਹਤ ਦਾ ਕੰਮ ਜਾਰੀ ਹੈ। ਰਾਜਧਾਨੀ ਗਵਾਟੇਮਾਲਾ ਸਿਟੀ ਦੇ ਲਾ ਆਰੋਰਾ ਇੰਟਰਨੈਸ਼ਨਲ ਏਅਰਪੋਰਟ ਬੰਦ ਕਰ ਦਿਤਾ ਗਿਆ ਹੈ। ਰਾਸ਼ਟਰਪਤੀ ਜਿਮੀ ਮੋਰਾਲੇਸ ਨੇ 3 ਸ਼ਹਿਰਾਂ ਵਿਚ ਰੈਡ ਅਲਰਟ ਅਤੇ ਪੂਰੇ ਦੇਸ਼ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ।