ਇਮਰਾਨ ਖਾਨ ਨੂੰ ਮੱਖੀਆਂ ਅਤੇ ਖਟਮਲਾਂ ਨਾਲ ਭਰੀ ਕੋਠੜੀ 'ਚ ਰਖਿਆ ਗਿਆ : ਮੀਡੀਆ ਰਿਪੋਰਟਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਬਕਾ ਪ੍ਰਧਾਨ ਮੰਤਰੀ ਨੂੰ ਜੇਲ 'ਚ ਦਿਤੀਆਂ ਜਾ ਰਹੀਆਂ ਤੀਜੇ ਦਰਜੇ ਦੀਆਂ ਸਹੂਲਤਾਂ 

Imran Khan (former prime minister, pakistan)

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰੀ ਅਤੇ ਸਜ਼ਾ ਸੁਣਾਏ ਜਾਣ ਮਗਰੋਂ ਉੱਚ ਸੁਰੱਖਿਆ ਵਾਲੀ ਅਟਕ ਜੇਲ ਦੀ ਜਿਸ ਕੋਠੜੀ ਵਿਚ ਰਖਿਆ ਗਿਆ ਹੈ, ਉਸ ਵਿਚ ਮੱਖੀਆਂ ਅਤੇ ਖਟਮਲ ਹਨ ਅਤੇ ਇਕ ਪਖਾਨਾ ਵੀ ਖੁੱਲ੍ਹੇ ਵਿਚ ਹੀ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ: ਕੇਰਲ ਵਿਧਾਨ ਸਭਾ ਨੇ ਯੂ.ਸੀ.ਸੀ. ਵਿਰੁਧ ਮਤਾ ਪਾਸ ਕੀਤਾ

ਇਮਰਾਨ ਖਾਨ (70) ਦੇ ਅਟਾਰਨੀ ਜਨਰਲ ਨਈਮ ਹੈਦਰ ਪੰਜੋਠਾ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਮੁਖੀ ਨੂੰ ਪੰਜਾਬ ਸੂਬੇ ਦੀ ਜੇਲ ਵਿਚ ਤੀਜੇ ਦਰਜੇ ਦੀਆਂ ਸਹੂਲਤਾਂ ਦਿਤੀਆਂ ਗਈਆਂ ਹਨ। ਉਸ ਨੇ ਦਸਿਆ ਕਿ ਦੇਸ਼ ਦੀ ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਜਿਸ ਜੇਲ ਦੀ ਕੋਠੜੀ ਵਿਚ ਰਖਿਆ ਗਿਆ ਹੈ, ਉਹ ਮੱਖੀਆਂ ਅਤੇ ਖਟਮਲਾਂ ਨਾਲ ਭਰੀ ਹੋਈ ਹੈ। ਪੰਜੋਠਾ ਨੇ ਸੋਮਵਾਰ ਨੂੰ ਜੇਲ 'ਚ ਇਮਰਾਨ ਖਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਇਕ ਛੋਟੇ ਜਿਹੇ ਕਮਰੇ 'ਚ ਰਖਿਆ ਗਿਆ ਸੀ, ਜਿਸ 'ਚ ਪਖਾਨਾ ਵੀ ਖੁੱਲ੍ਹੇ ਵਿਚ ਬਣਿਆ ਹੋਇਆ ਹੈ।

ਸਥਾਨਕ ਮੀਡੀਆ ਰੀਪੋਰਟਾਂ ਵਿਚ ਵਕੀਲ ਦੇ ਹਵਾਲੇ ਨਾਲ ਕਿਹਾ, "ਪੀ.ਟੀ.ਆਈ. ਪ੍ਰਧਾਨ ਨੇ ਕਿਹਾ ਹੈ ਕਿ ਉਹ ਅਪਣੀ ਬਾਕੀ ਦੀ ਜ਼ਿੰਦਗੀ ਜੇਲ ਵਿਚ ਬਿਤਾਉਣ ਲਈ ਤਿਆਰ ਹਨ।" ਪੰਜੋਠਾ ਨੇ ਕਿਹਾ ਕਿ ਇਮਰਾਨ ਖਾਨ ਨੇ ਉਸ ਨੂੰ ਦਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਵਾਰੰਟ ਨਹੀਂ ਦਿਖਾਇਆ ਅਤੇ ਪੁਲਿਸ ਨੇ ਲਾਹੌਰ ਵਿਚ ਉਨ੍ਹਾਂ ਦੀ ਪਤਨੀ ਦੇ ਕਮਰੇ ਦਾ ਦਰਵਾਜ਼ਾ ਵੀ ਤੋੜਨ ਦੀ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜ੍ਹੋ: ਬੇਟੀ ਬਚਾਉ ਬੇਟੀ ਪੜ੍ਹਾਉ ਦੀ ਬ੍ਰਾਂਡ ਅੰਬੈਸਡਰ ਅੰਤਰਰਾਸ਼ਟਰੀ ਭਲਵਾਨ ਰਾਣੀ ਰਾਣਾ ਨਾਲ ਵਧੀਕੀ  

ਉਹ ਜੇਲ ਅਧਿਕਾਰੀ ਦੀ ਮੌਜੂਦਗੀ ਵਿਚ ਇਮਰਾਨ ਖਾਨ ਨਾਲ ਕਰੀਬ 1 ਘੰਟਾ 45 ਮਿੰਟ ਤਕ ਮੁਲਾਕਾਤ ਕੀਤੀ ਤਾਂ ਕਿ ਉਸ ਦੀ ਸਜ਼ਾ ਵਿਰੁਧ ਅਪੀਲ ਦਾਇਰ ਕਰਨ ਲਈ ਇਕ ਕਾਨੂੰਨੀ ਦਸਤਾਵੇਜ਼ 'ਤੇ ਸਾਬਕਾ ਪ੍ਰਧਾਨ ਮੰਤਰੀ ਦੇ ਦਸਤਖ਼ਤ ਹਾਸਲ ਕੀਤੇ ਜਾ ਸਕਣ।

ਵਕੀਲ ਨੇ ਮੀਡੀਆ ਨੂੰ ਦਸਿਆ ਕਿ ਇਮਰਾਨ ਖਾਨ ਨੇ ਦਸਿਆ ਹੈ ਕਿ ਉਸ ਨੂੰ ਖੁੱਲ੍ਹੇ ਪਖਾਨੇ ਵਾਲੇ ਇਕ ਹਨੇਰੇ ਕਮਰੇ ਵਿਚ ਰਖਿਆ ਗਿਆ ਹੈ ਜਿਥੇ ਦਿਨ ਵੇਲੇ ਮੱਖੀਆਂ ਦੇ ਝੁੰਡ ਅਤੇ ਰਾਤ ਨੂੰ ਖਟਮਲ ਆਉਂਦੇ ਹਨ। ਪੰਜੋਠਾ ਨੇ ਇਮਰਾਨ ਖਾਨ ਦੇ ਹਵਾਲੇ ਨਾਲ ਕਿਹਾ, “ਮੈਨੂੰ ਇਕ ਹਨੇਰੇ ਕਮਰੇ ਵਿਚ ਰਖਿਆ ਗਿਆ ਹੈ ਜਿਸ ਵਿਚ ਕੋਈ ਟੈਲੀਵਿਜ਼ਨ ਜਾਂ ਅਖ਼ਬਾਰ ਨਹੀਂ ਹਨ। ਕਿਸੇ ਨੂੰ ਵੀ ਮੈਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ, ਜਿਵੇਂ ਕਿ ਮੈਂ ਅਤਿਵਾਦੀ ਹਾਂ।’’

ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਇਸਲਾਮਾਬਾਦ ਦੀ ਹੇਠਲੀ ਅਦਾਲਤ ਵਲੋਂ ਦੋਸ਼ੀ ਕਰਾਰ ਦਿਤੇ ਜਾਣ ਤੋਂ ਤੁਰਤ ਬਾਅਦ ਇਮਰਾਨ ਖਾਨ ਨੂੰ ਸ਼ਨੀਵਾਰ ਨੂੰ ਲਾਹੌਰ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਲੋਂ ਰਾਵਲਪਿੰਡੀ ਦੀ ਅਡਿਆਲਾ ਜੇਲ ਭੇਜਣ ਦੇ ਹੁਕਮਾਂ ਦੇ ਬਾਵਜੂਦ ਉਸ ਨੂੰ ਪੰਜਾਬ ਸੂਬੇ ਦੀ ਅਟਕ ਜੇਲ ਵਿਚ ਰਖਿਆ ਗਿਆ ਹੈ।