ਵੇਦਾਂਤ ਪਟੇਲ ਨੇ ਇਤਿਹਾਸ ਰਚਿਆ, ਅਮਰੀਕਾ ਦੇ ਵਿਦੇਸ਼ ਵਿਭਾਗ ’ਚ ਪ੍ਰੈੱਸ ਬ੍ਰੀਫਿੰਗ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣੇ
ਵਿਦੇਸ਼ ਵਿਭਾਗ ਦੀ ਪ੍ਰੈਸ ਕਾਨਫਰੰਸ ਨੂੰ ਆਮ ਤੌਰ 'ਤੇ ਵਿਭਾਗ ਦੇ ਬੁਲਾਰੇ ਨੇਡ ਪ੍ਰਿੰਸ ਦੁਆਰਾ ਸੰਬੋਧਿਤ ਕੀਤਾ ਜਾਂਦਾ ਹੈ ਪਰ ਉਹ ਫਿਲਹਾਲ ਛੁੱਟੀ 'ਤੇ ਹਨ।
ਵਾਸ਼ਿੰਗਟਨ: ਭਾਰਤੀ ਮੂਲ ਦੇ ਵੇਦਾਂਤ ਪਟੇਲ ਨੇ ਵਾਸ਼ਿੰਗਟਨ ਵਿਚ ਅਮਰੀਕੀ ਵਿਦੇਸ਼ ਵਿਭਾਗ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ-ਅਮਰੀਕੀ ਹਨ। ਵੇਦਾਂਤ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਹਨ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਬਾਇਡਨ ਦੇ ਦਫ਼ਤਰ ਵਿਚ ਸਹਾਇਕ ਪ੍ਰੈਸ ਸਕੱਤਰ ਵਜੋਂ ਕੰਮ ਕਰਦੇ ਸਨ। ਵੇਦਾਂਤ ਪਟੇਲ (33) ਦਾ ਜਨਮ ਗੁਜਰਾਤ ਵਿਚ ਹੋਇਆ ਸੀ ਪਰ ਉਹਨਾਂ ਦਾ ਪਾਲਣ ਪੋਸ਼ਣ ਕੈਲੀਫੋਰਨੀਆ ਵਿਚ ਹੋਇਆ। ਉਹਨਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ।
ਵਿਦੇਸ਼ ਵਿਭਾਗ ਦੀ ਪ੍ਰੈਸ ਕਾਨਫਰੰਸ ਨੂੰ ਆਮ ਤੌਰ 'ਤੇ ਵਿਭਾਗ ਦੇ ਬੁਲਾਰੇ ਨੇਡ ਪ੍ਰਿੰਸ ਦੁਆਰਾ ਸੰਬੋਧਿਤ ਕੀਤਾ ਜਾਂਦਾ ਹੈ ਪਰ ਉਹ ਫਿਲਹਾਲ ਛੁੱਟੀ 'ਤੇ ਹਨ। ਇਸ ਕਾਰਨ ਪਟੇਲ ਨੇ ਪ੍ਰੈਸ ਕਾਨਫਰੰਸ ਦੀ ਅਗਵਾਈ ਕੀਤੀ। ਉਹਨਾਂ ਨੇ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਮੀਡੀਆ ਦੇ ਸਾਹਮਣੇ ਰੱਖਿਆ। ਬ੍ਰੀਫਿੰਗ 'ਚ ਪਟੇਲ ਨੇ ਲਿਜ਼ ਟਰਸ ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ। ਦੋਵਾਂ ਨੇ ਮਿਲ ਕੇ ਯੂਕਰੇਨ-ਰੂਸ ਜੰਗ ਬਾਰੇ ਗੱਲ ਕੀਤੀ।
ਵ੍ਹਾਈਟ ਹਾਊਸ ਦੇ ਸੀਨੀਅਰ ਐਸੋਸੀਏਟ ਕਮਿਊਨੀਕੇਸ਼ਨ ਡਾਇਰੈਕਟਰ ਮੈਟ ਹਿੱਲ ਨੇ ਟਵਿੱਟਰ 'ਤੇ ਪਟੇਲ ਨੂੰ ਵਧਾਈ ਦਿੱਤੀ। ਉਹਨਾਂ ਕਿਹਾ, ''ਦੁਨੀਆ 'ਚ ਅਮਰੀਕਾ ਦੀ ਨੁਮਾਇੰਦਗੀ ਕਰਨਾ ਬਹੁਤ ਵੱਡੀ ਗੱਲ ਹੈ ਅਤੇ ਪਟੇਲ ਨੇ ਮੰਚ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗੱਲ ਰੱਖੀ। ਵ੍ਹਾਈਟ ਹਾਊਸ ਦੇ ਸਾਬਕਾ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਪਿਲੀ ਟੋਬਰ ਨੇ ਕਿਹਾ, "ਵੇਦਾਂਤ ਪਟੇਲ ਨੂੰ ਪੋਡੀਅਮ 'ਤੇ ਦੇਖ ਕੇ ਚੰਗਾ ਲੱਗਿਆ। ਟਵਿੱਟਰ 'ਤੇ ਉਹਨਾਂ ਨੇ ਵੇਦਾਂਤ ਨੂੰ ਵਧਾਈ ਦਿੱਤੀ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਆਪਣੇ ਸਹਿਯੋਗੀ ਵੇਦਾਂਤ ਪਟੇਲ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ "ਸੁਪਰ ਟੇਲੇਂਟਡ" ਕਿਹਾ। ਉਹਨਾਂ ਕਿਹਾ, "ਮੈਂ ਅਕਸਰ ਵੇਦਾਂਤ ਨੂੰ ਮਜ਼ਾਕ ਵਿਚ ਕਹਿੰਦੀ ਹਾਂ ਕਿ ਤੁਹਾਨੂੰ ਆਸਾਨ ਕੰਮ ਦਿੱਤਾ ਜਾਂਦਾ ਹੈ, ਪਰ ਅਜਿਹਾ ਨਹੀਂ ਹੈ, ਉਹ ਹਰ ਚੀਜ਼ ਨੂੰ ਆਸਾਨ ਬਣਾ ਦਿੰਦਾ ਹੈ।" ਜੇਨ ਨੇ ਦੱਸਿਆ ਕਿ ਪਟੇਲ ਬਹੁਤ ਚੰਗੇ ਲੇਖਕ ਵੀ ਹਨ।