ਭਾਰਤੀ ਹਵਾਈ ਫ਼ੌਜ ਨੂੰ ਅੱਜ ਮਿਲੇਗਾ ਪਹਿਲਾ ਰਾਫ਼ੇਲ
ਰੱਖਿਆ ਮੰਤਰੀ ਸੋਮਵਾਰ ਦੇਰ ਰਾਤ ਤਿੰਨ ਦਿਨ ਦੇ ਦੌਰੇ ‘ਤੇ ਪੈਰਿਸ ਪਹੁੰਚੇ। ਰੱਖਿਆ ਮੰਤਰੀ ਇਸ ਦੌਰਾਨ 36 ਰਾਫੇਲ ਜੈੱਟ ਜਹਾਜ਼ਾਂ ਵਿਚ ਪਹਿਲਾ ਜਹਾਜ਼ ਪ੍ਰਾਪਤ ਕਰਨਗੇ।
ਪੈਰਿਸ: ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਦੇਰ ਰਾਤ ਤਿੰਨ ਦਿਨ ਦੇ ਦੌਰੇ ‘ਤੇ ਪੈਰਿਸ ਪਹੁੰਚੇ। ਰੱਖਿਆ ਮੰਤਰੀ ਇਸ ਦੌਰੇ ਦੌਰਾਨ 36 ਰਾਫੇਲ ਜੈੱਟ ਜਹਾਜ਼ਾਂ ਵਿਚ ਪਹਿਲਾ ਜਹਾਜ਼ ਪ੍ਰਾਪਤ ਕਰਨਗੇ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਪੈਰਿਸ ਵਿਚ ਫਰਾਂਸ ਦੇ ਇਮੈਨੁਅਲ ਮੈਕਰੋਂ ਰਾਸ਼ਟਰਪਤੀ ਨਾਲ ਬੈਠਕ ਕਰਨਗੇ। ਸੰਭਾਵਨਾ ਹੈ ਕਿ ਇਸ ਬੈਠਕ ਵਿਚ ਦੋਵੇਂ ਦੇਸ਼ਾਂ ਵਿਚ ਰੱਖਿਆ ਸਬੰਧਾਂ ‘ਤੇ ਚਰਚਾ ਹੋਵੇਗੀ।
ਰਾਜਨਾਥ ਸਿੰਘ ਨੇ ਸੋਮਵਾਰ ਨੂੰ ਪੈਰਿਸ ਪਹੁੰਚਣ ‘ਤੇ ਟਵੀਟ ਕੀਤਾ, ‘ਫਰਾਂਸ ਪਹੁੰਚ ਕੇ ਖੁਸ਼ੀ ਹੋਈ। ਇਹ ਮਹਾਨ ਦੇਸ਼ ਭਾਰਤ ਦਾ ਅਹਿਮ ਰਣਨੀਤਕ ਸਾਥੀ ਹੈ ਅਤੇ ਸਾਡਾ ਖ਼ਾਸ ਸਬੰਧ ਰਸਮੀ ਸੰਬੰਧਾਂ ਦੇ ਖੇਤਰ ਤੋਂ ਅੱਗੇ ਜਾਂਦਾ ਹੈ। ਫਰਾਂਸ ਦੀ ਮੇਰੀ ਯਾਤਰਾ ਦਾ ਟੀਚਾ ਦੋਵੇਂ ਦੇਸ਼ਾਂ ਵਿਚ ਵਰਤਮਾਨ ਰਣਨੀਤਕ ਭਾਈਵਾਲੀ ਦਾ ਵਿਸਥਾਰ ਕਰਨਾ ਹੈ’।
ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਾਲ ਦੁਸ਼ਹਿਰੇ ਮੌਕੇ ਫ਼ਰਾਂਸ ਦੀ ਰਾਜਧਾਨੀ ਪੈਰਿਸ 'ਚ ਸਸ਼ਤਰ ਪੂਜਾ (ਹਥਿਆਰਾਂ ਦੀ ਪੂਜਾ) ਕਰਨਗੇ। ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਹਰ ਸਾਲ ਦੁਸ਼ਹਿਰ ਮੌਕੇ ਹਥਿਆਰਾਂ ਦੀ ਪੂਜਾ ਕਰਦੇ ਰਹੇ ਹਨ। ਇਸ ਵਾਰ ਉਹ ਫ਼ਰਾਂਸ 'ਚ ਰਹਿਣਗੇ ਅਤੇ ਉਥੇ ਵੀ ਇਸ ਪਰੰਪਰਾ ਨੂੰ ਜਾਰੀ ਰੱਖਣਗੇ।
ਰਾਫ਼ੇਲ ਲੜਾਕੂ ਜਹਾਜ਼ ਡੀਲ ਭਾਰਤ ਅਤੇ ਫ਼ਰਾਂਸ ਦੀ ਸਰਕਾਰ ਵਿਚਕਾਰ ਸਤੰਬਰ 2016 ਨੂੰ ਹੋਈ ਸੀ। ਇਸ 'ਚ ਹਵਾਈ ਫ਼ੌਜ ਨੂੰ 36 ਅਤਿ-ਆਧੁਨਿਕ ਲੜਾਕੂ ਜਹਾਜ਼ ਮਿਲਣਗੇ। ਇਹ ਸੌਦਾ 7.8 ਕਰੋੜ ਯੂਰੋ (ਲਗਭਗ 58 ਹਜ਼ਾਰ ਕਰੋੜ ਰੁਪਏ) ਦਾ ਹੈ। ਕਾਂਗਰਸ ਦਾ ਦਾਅਵਾ ਹੈ ਕਿ ਯੂਪੀਏ ਸਰਕਾਰ ਦੌਰਾਨ ਇਕ ਰਾਫ਼ੇਲ ਫਾਈਟਰ ਜੈਟ ਦੀ ਕੀਮਤ 600 ਕਰੋੜ ਰੁਪਏ ਤੈਅ ਕੀਤੀ ਗਈ ਸੀ। ਮੋਦੀ ਸਰਕਾਰ ਦੌਰਾਨ ਇਕ ਰਾਫ਼ੇਲ ਲਗਭਗ 1600 ਕਰੋੜ ਰੁਪਏ ਦਾ ਪਵੇਗਾ।
ਭਾਰਤ ਆਪਣੇ ਪੂਰਬੀ ਅਤੇ ਪਛਮੀ ਮੋਰਚਿਆਂ 'ਤੇ ਹਵਾਈ ਫ਼ੌਜ ਦੀ ਸਮਰੱਥਾ ਵਧਾਉਣ ਲਈ ਰਾਫ਼ੇਲ ਲੈ ਰਿਹਾ ਹੈ। ਹਵਾਈ ਫ਼ੌਜ ਦੀ ਇਕ-ਇਕ ਸਕਵਾਰਡਨ ਹਰਿਆਣਾ ਦੇ ਅੰਬਾਲਾ ਅਤੇ ਪੱਛਮ ਬੰਗਾਲ ਦੇ ਹਸ਼ੀਮਾਰਾ ਏਅਰਬੇਸ 'ਤੇ ਤਾਇਨਾਤ ਕਰੇਗੀ। ਰਾਫ਼ੇਲ ਫਾਈਟਰ ਨੂੰ ਉਡਾਉਣ ਲਈ ਭਾਰਤੀ ਹਵਾਈ ਫ਼ੌਜ ਦੇ ਕੁਝ ਪਾਇਲਟਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁਕੀ ਹੈ। ਇਸ ਤੋਂ ਬਾਅਦ ਹੁਣ ਇਹ ਸਾਰੇ ਮਿਲ ਕੇ ਹਵਾਈ ਫ਼ੌਜ ਦੇ 24 ਹੋਰ ਪਾਇਲਟਾਂ ਨੂੰ ਤਿੰਨ ਵੱਖ-ਵੱਖ ਹਿੱਸਿਆਂ 'ਚ ਭਾਰਤੀ ਰਾਫ਼ੇਲ ਫਾਈਟਰ ਜੈੱਟ ਦੀ ਟ੍ਰੇਨਿੰਗ ਦੇਣਗੇ। ਇਨ੍ਹਾਂ ਦੀ ਟ੍ਰੇਨਿੰਗ 2020 ਮਈ ਤਕ ਚਲੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।