ਰਾਫੇਲ ਮਾਮਲੇ ਦੀ ਸੁਣਵਾਈ ਸਬੰਧੀ ਬਦਲੀਆਂ ਤਰੀਕਾਂ, CJI ਰੰਜਨ ਗੋਗੋਈ ਹੋਏ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਫ ਜਸਟਿਸ ਰੰਜਨ ਗੋਗੋਈ ਨੇ ਸੋਮਵਾਰ ਨੂੰ ਕਿਹਾ ਕਿ ਉਹ ਹੈਰਾਨ ਹਨ ਕਿ ਇਸ ਨਾਲ ਜੁੜੇ ਮਾਮਲਿਆਂ ਦੀਆਂ ਤਰੀਕਾਂ ਕਿਵੇਂ ਬਦਲ ਗਈਆਂ।

Rafale

ਨਵੀਂ ਦਿੱਲੀ: ਸੁਪਰੀਮ ਕੋਰਟ ਵਿਚ ਰਾਫੇਲ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਰੰਜਨ ਗੋਗੋਈ ਨੇ ਸੋਮਵਾਰ ਨੂੰ ਕਿਹਾ ਕਿ ਉਹ ਹੈਰਾਨ ਹਨ ਕਿ ਇਸ ਨਾਲ ਜੁੜੇ ਮਾਮਲਿਆਂ ਦੀਆਂ ਤਰੀਕਾਂ ਕਿਵੇਂ ਬਦਲ ਗਈਆਂ। ਜਸਟਿਸ ਰੰਜਨ ਗੋਗੋਈ ਅਨੁਸਾਰ ਰਾਫੇਲ ‘ਤੇ ਆਏ ਫੈਸਲੇ ਦੀ ਸਮੀਖਿਆ ਲਈ ਦਰਜ ਮੁੜ ਵਿਚਾਰ ਪਟੀਸ਼ਨ ਅਤੇ ਰਾਹੁਲ ਗਾਂਧੀ ਖਿਲਾਫ ਦਰਜ ਉਲੰਘਣਾ ਦੇ ਕੇਸ ਦੀ ਸੁਣਵਾਈ ਨੂੰ ਲੈ ਕੇ ਤਰੀਕਾਂ ਬਦਲੀਆਂ ਗਈਆਂ ਹਨ ਜਦਕਿ ਪਹਿਲਾਂ ਬੈਂਚ ਨੇ ਸਪੱਸ਼ਟ ਕਿਹਾ ਸੀ ਕਿ ਦੋਨਾਂ ਮਾਮਲਿਆਂ ਦੀ ਸੁਣਵਾਈ ਇਕ ਹੀ ਤਰੀਕ ਨੂੰ ਕੀਤੀ ਜਾਵੇਗੀ।

ਪ੍ਰਸ਼ਾਂਤ ਭੂਸ਼ਣ ਵੱਲੋਂ ਰਾਫੇਲ ਮਾਮਲੇ ਵਿਚ ਦਰਜ ਮੁੜ ਵਿਚਾਰ ਪਟੀਸ਼ਨ ਸੁਪਰੀਮ ਕੋਰਟ ਦੇ ਉਸ ਫੈਸਲੇ ਨਾਲ ਜੁੜੀ ਹੈ, ਜਿਸ ਵਿਚ ਫਰਾਂਸ ਦੀ ਐਵੀਏਸ਼ਨ ਫਰਮ ਡਲਾਸ ਦੇ ਨਾਲ 36 ਰਾਫੇਲ ਜਹਾਜ਼ਾਂ ਦੇ ਸੌਦੇ ਦੀ ਮਨਜ਼ੂਰੀ ਨਾਲ ਜੁੜੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ ਉਲੰਘਣਾ ਦਾ ਮਾਮਲਾ ਰਾਹੁਲ ਗਾਂਧੀ ਨਾਲ ਜੁੜਿਆ ਹੈ। ਦਰਅਸਲ ਰਾਹੁਲ ਗਾਂਧੀ ਨੇ ਇਕ ਚੁਣਾਵੀ ਰੈਲੀ ਵਿਚ ਦਾਅਵਾ ਕਰਦੇ ਹੋਏ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਿਹਾ ਸੀ ਕਿ ਚੌਂਕੀਦਾਰ ਹੀ ਚੋਰ ਹੈ ਜਦਕਿ ਸੁਪਰੀਮ ਕੋਰਟ ਨੇ ਅਪਣੇ ਫੈਸਲੇ ਵਿਚ ਅਜਿਹਾ ਕੁਝ ਨਹੀਂ ਕਿਹਾ ਸੀ।

ਰਾਹੁਲ ਗਾਂਧੀ ਵਿਰੁੱਧ ਉਲੰਘਣਾ ਦੇ ਮਾਮਲੇ ‘ਚ ਦਰਜ ਪਟੀਸ਼ਨ ‘ਤੇ ਸੁਪਰੀਮ ਕੋਰਟ ਉਹਨਾਂ ਨੂੰ ਨੋਟਿਸ ਦੇ ਚੁਕੀ ਹੈ। ਦੱਸ ਦਈਏ ਕਿ 30 ਅਪ੍ਰੈਲ ਨੂੰ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਕੇਸ ਦੀ ਸੁਣਵਾਈ ਦੌਰਾਨ ਕੋਰਟ ਵਿਚ ਕਿਹਾ ਸੀ ਕਿ ਇਹਨਾਂ ਪਟੀਸ਼ਨਾਂ ‘ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ। ਹਾਲਾਂਕਿ ਬਾਅਦ ਵਿਚ ਸੁਪਰੀਮ ਕੋਰਟ ਦੀ ਵੈੱਬਸਾਈਟ ‘ਤੇ ਇਸ ਆਦੇਸ਼ ਦੀ ਇਕ ਕਾਪੀ ਵੀ ਪਬਲਿਸ਼ ਹੋਈ, ਜਿਸ ਵਿਚ ਸੋਮਵਾਰ ਨੂੰ ਰੀਵੀਉ ਪਟੀਸ਼ਨ ਦੀ ਗੱਲ ਕਹੀ ਗਈ ਸੀ।

ਰਾਹੁਲ ਗਾਂਧੀ ਵਿਰੁੱਧ ਉਲੰਘਣਾ ਦੇ ਮਾਮਲੇ ਦੀ ਸੁਣਵਾਈ ਲਈ 10 ਮਈ ਦੀ ਤਰੀਕ ਦਾ ਜ਼ਿਕਰ ਕੀਤਾ ਗਿਆ। ਜਸਟਿਸ ਐਸਕੇ ਕੌਲ ਅਥੇ ਕੇਐਮ ਦੀ ਬੈਂਚ ਨੇ ਵੀ ਹੁਣ 10 ਮਈ ਨੂੰ ਦੁਪਹਿਰ ਦੋ ਵਜੇ ਸੁਣਵਾਈ ਲਈ ਦੋਨਾਂ ਮਾਮਲਿਆਂ ਨੂੰ ਸੂਚੀਬੱਧ ਕੀਤਾ ਹੈ। ਸੋਮਵਾਰ ਨੂੰ ਸੁਣਵਾਈ ਦੌਰਾਨ ਪਟੀਸ਼ਨਰ ਪ੍ਰਸ਼ਾਂਤ ਭੂਸ਼ਣ ਨੇ ਬੈਂਚ ਨੂੰ ਦੱਸਿਆ ਕਿ ਉਹ ਰੀਵੀਉ ਪਟੀਸ਼ਨ ਦੇ ਪੱਖ ਵਿਚ ਬਹਿਸ ਕਰਨ ਲਈ ਤਿਆਰ ਹੈ।