ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਵਿਚ ਫੇਲ੍ਹ ਹੋਈ ਟਰੰਪ ਸਰਕਾਰ- ਕਮਲਾ ਹੈਰਿਸ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਦੇ ਮਾਮਲੇ 'ਤੇ ਕਮਲਾ ਹੈਰਿਸ ਨੇ ਟਰੰਪ ਸਰਕਾਰ ਨੂੰ ਘੇਰਿਆ 

Kamala Harris- Donald Trump

ਵਾਸ਼ਿੰਗਟਨ:  ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਚਲਦਿਆਂ ਸਿਆਸੀ ਜੰਗ ਕਾਫ਼ੀ ਗਰਮਾਈ ਹੋਈ ਹੈ। ਇਸ ਦੇ ਚਲਦਿਆਂ ਡੈਮੋਕ੍ਰੇਟਿਕ ਪਾਰਟੀ ਦੀ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਵਿਚਕਾਰ ਉਪ-ਰਾਸ਼ਟਰਪਤੀ ਬਹਿਸ ਹੋਈ।

ਕਮਲਾ ਹੈਰਿਸ ਨੇ ਕੋਰੋਨਾ ਵਾਇਰਸ ਦੇ ਮਾਮਲੇ 'ਤੇ ਡੋਨਾਲਡ ਟਰੰਪ ਦੀ ਸਰਕਾਰ ਨੂੰ ਜੰਮ ਕੇ ਘੇਰਿਆ ਹੈ। ਉਹਨਾਂ ਨੇ ਕਿਹਾ ਕਿ ਕੋਈ ਵੀ ਅਮਰੀਕੀ ਸਰਕਾਰ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਇੰਨੀ ਬੁਰੀ ਤਰ੍ਹਾਂ ਨਾਕਾਮ ਨਹੀਂ ਰਹੀ। ਕਮਲਾ ਹੈਰਿਸ ਨੇ ਕਿਹਾ, ' ਅਮਰੀਕੀ ਨਾਗਰਿਕ ਇਸ ਗੱਲ ਦੇ ਗਵਾਹ ਹਨ ਕਿ ਯੂਐਸ ਦੇ ਇਤਿਹਾਸ ਵਿਚ ਦੇਸ਼ ਦੀ ਕੋਈ ਵੀ ਸਰਕਾਰ ਇੰਨੀ ਬੁਰੀ ਤਰ੍ਹਾਂ ਫੇਲ੍ਹ ਨਹੀਂ ਹੋਈ ਹੈ'।

ਕੋਰੋਨਾ ਵੈਕਸੀਨ 'ਤੇ ਬੋਲਦੇ ਹੋਏ ਉਹਨਾਂ ਨੇ ਕਿਹਾ, 'ਜੇਕਰ ਜਨਤਕ ਸਿਹਤ ਮਾਹਿਰ, ਡਾਕਟਰ ਫੌਸੀ ਜਾਂ ਹੋਰ ਡਾਕਟਰ ਸਾਨੂੰ ਕਹਿਣਗੇ ਕਿ ਇਹ ਸਾਨੂੰ ਲੈਣੀ ਚਾਹੀਦੀ ਹੈ, ਤਾਂ ਸਭ ਤੋਂ ਪਹਿਲਾਂ ਵੈਕਸੀਨ ਮੈਂ ਲਵਾਂਗੀ ਜੇਕਰ ਡੋਨਾਲਡ ਟਰੰਪ ਵੈਕਸੀਨ ਲੈਣ ਲਈ ਕਹਿਣਗੇ ਤਾਂ ਮੈਂ ਇਸ ਨੂੰ ਨਹੀਂ ਲਵਾਂਗੀ'।

ਮਾਈਕ ਪੇਂਸ ਨੇ ਕਮਲਾ ਹੈਰਿਸ 'ਤੇ ਪਲਟਵਾਰ ਕਰਦੇ ਹੋਏ ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਜਨਤਾ ਦੇ ਵਿਸ਼ਵਾਸ ਨੂੰ ਘੱਟ ਕਰਨ ਦਾ ਅਰੋਪ ਲਗਾਇਆ ਹੈ। ਉਹਨਾਂ ਕਿਹਾ ਕਿ ਇਸ ਨਾਲ ਡੋਨਾਲਡ ਟਰੰਪ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਉੱਠਣਗੇ। 

ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ 75 ਲੱਖ ਦੇ ਕਰੀਬ ਪਹੁੰਚ ਗਏ ਹਨ। ਉੱਥੇ ਹੀ ਅਮਰੀਕਾ ਵਿਚ 43 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 2.10 ਲੱਖ ਲੋਕਾਂ ਦੀ ਜਾਨ ਗਈ ਹੈ।