ਕੈਨੇਡਾ ਬੈਠੇ ਭਾਰਤੀ ਗੈਂਗਸਟਰਾਂ ਵਿਰੁੱਧ ਭਾਰਤ ਤੇ ਕੈਨੇਡਾ ਚਲਾ ਸਕਦੇ ਹਨ ਸਾਂਝੇ ਅਭਿਆਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡੀਅਨ ਪੁਲਿਸ ਅਤੇ ਭਾਰਤੀ ਖ਼ੁਫ਼ੀਆ ਅਧਿਕਾਰੀਆਂ ਨੇ ਕੀਤੇ ਵਿਚਾਰ-ਵਟਾਂਦਰੇ

Image

 

ਨਵੀਂ ਦਿੱਲੀ - ਭਾਰਤੀ ਜਾਂਚਕਰਤਾਵਾਂ ਨੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੂੰ ਭਾਰਤ ਅਤੇ ਭਾਰਤੀਆਂ ਵਿਰੁੱਧ ਕੰਮ ਕਰ ਰਹੇ ਗੈਂਗਸਟਰਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰਨ ਦੀ ਲੋੜ ਤੋਂ ਜਾਣੂ ਕਰਾਇਆ ਹੈ। ਜਾਣਕਾਰੀ ਮਿਲੀ ਹੈ ਕਿ ਕੈਨੇਡਾ ਦੇ ਹਾਈ ਕਮਿਸ਼ਨ ਵਿੱਚ ਤਾਇਨਾਤ ਕੈਨੇਡਾ ਦੇ ਸੰਘੀ ਪੁਲਿਸ ਬਲ ਦੇ ਇੱਕ ਪ੍ਰਤੀਨਿਧੀ ਨੇ ਮੰਗਲਵਾਰ ਨੂੰ ਦਿੱਲੀ ਵਿਖੇ ਸੀਨੀਅਰ ਖ਼ੁਫ਼ੀਆ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਤਾਂ ਜੋ ਕੈਨੇਡਾ ਬੈਠੇ ਅਪਰਾਧੀਆਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਭਾਰਤ ਵਿੱਚ ਕੀਤੇ ਜਾ ਰਹੇ ਅਪਰਾਧਾਂ ਦੀ ਜਾਂਚ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ ਜਾ ਸਕੇ।

ਇਹ ਜਾਣਕਾਰੀ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇ ਵਾਲਾ ਦੇ ਕਤਲ ਵਿੱਚ ਫ਼ਸੇ ਗੋਲਡੀ ਬਰਾੜ ਦੀ ਨਜ਼ਰਬੰਦੀ ਬਾਰੇ ਪਿਛਲੇ ਹਫ਼ਤੇ ਸਮੇਂ ਤੋਂ ਪਹਿਲਾਂ ਕੀਤੇ ਗਏ ਐਲਾਨ ਤੋਂ ਬਾਅਦ ਆਈ ਹੈ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਾੜ ਨੂੰ ਕੈਲੀਫ਼ੋਰਨੀਆ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਗੱਲ ਕਹੀ ਗਈ ਸੀ, ਉੱਥੇ ਹੀ ਕੈਨੇਡਾ, ਜਿੱਥੇ ਬਰਾੜ ਰਹਿੰਦਾ ਹੈ ਜਾਂ ਅਮਰੀਕਾ ਜਿੱਥੇ ਨਜ਼ਰਬੰਦ ਕੀਤੇ ਜਾਣ ਦੀ ਗੱਲ ਕਹੀ ਗਈ ਸੀ, ਉਨ੍ਹਾਂ ਦੋਵਾਂ ਵੱਲੋਂ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਗਿਆ। ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ, ''ਅਸੀਂ ਇਸ ਬਾਰੇ ਰਿਪੋਰਟਾਂ ਦੇਖੀਆਂ ਹਨ, ਪਰ ਸਾਡੇ ਕੋਲ ਸਾਂਝਾ ਕਰਨ ਲਈ ਇਸ ਤੋਂ ਵੱਧ ਹੋਰ ਕੁਝ ਨਹੀਂ।"

ਇਹ ਸਪੱਸ਼ਟ ਨਹੀਂ ਹੈ ਕਿ ਬਰਾੜ ਨੂੰ ਨਜ਼ਰਬੰਦ ਨਹੀਂ ਕੀਤਾ ਗਿਆ ਸੀ, ਜਾਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਾਂ ਪੁੱਛ-ਗਿੱਛ ਤੋਂ ਬਾਅਦ ਮੁੜ ਜਾਣ ਦਿੱਤਾ ਗਿਆ ਸੀ। ਨਵੀਂ ਦਿੱਲੀ ਸਥਿਤ ਕੈਨੇਡੀਅਨ ਦੂਤਾਵਾਸ ਨੇ ਵੀ ਬਰਾੜ ਬਾਰੇ ਕੋਈ ਪੁਖ਼ਤਾ ਜਾਣਕਾਰੀ ਸਾਂਝੀ ਨਹੀਂ ਕੀਤੀ। 

ਨਵੀਂ ਦਿੱਲੀ ਉਮੀਦ ਕਰਦੀ ਹੈ ਕਿ ਬਰਾੜ ਵਰਗੇ ਲੋਕ ਜਿਹੜੇ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਏ, ਅਤੇ ਉੱਥੇ ਸੰਗਠਿਤ ਅਪਰਾਧ 'ਚ ਸ਼ਾਮਲ ਹੋ ਗਏ, ਉਨ੍ਹਾਂ ਨੂੰ ਕੈਨੇਡਾ ਡਿਪੋਰਟ ਕਰੇਗਾ। ਪਤਾ ਲੱਗਿਆ ਹੈ ਕਿ ਕੈਨੇਡਾ ਭਾਰਤ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਅਜਿਹੇ ਕਿਸੇ ਵੀ ਕਦਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਇੱਕ ਚੰਗੀ ਤਰ੍ਹਾਂ ਨਿਰਧਾਰਤ ਕਾਨੂੰਨੀ ਮਾਰਗ ਦੀ ਪਾਲਣਾ ਕੀਤੀ ਜਾਵੇ ਅਤੇ ਸਬੂਤ ਮੁਹੱਈਆ ਕਰਵਾਏ ਜਾਣ। ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (ਐਨਆਈਏ) ਵੱਲੋਂ ਤਿਆਰ ਕੀਤੇ ਨੋਟ ਵਿੱਚ ਏਜੰਸੀ ਦਾ ਕਹਿਣਾ ਹੈ ਕਿ ਬਰਾੜ ਵਰਗੇ ਵਿਅਕਤੀ ਭਾਰਤ ਵਿੱਚ ਵਿਆਪਕ ਕੱਟੜਵਾਦ, ਭਰਤੀ, ਫ਼ਿਰੌਤੀ, ਹਥਿਆਰ, ਵਿਸਫ਼ੋਟਕ, ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹਨ। ਏਜੰਸੀ ਕੇਵਲ ਬਰਾੜ ਹੀ ਨਹੀਂ ਬਲਕਿ ਕੈਨੇਡਾ ਵਿੱਚ ਵਸਦੇ ਹੋਰ ਪੰਜਾਬੀ ਗੈਂਗਸਟਰ ਲਖਬੀਰ ਲੰਡਾ, ਹਰਦੀਪ ਸਿੰਘ ਨਿੱਜਰ, ਰਮਨ ਜੱਜ ਅਤੇ ਅਰਸ਼ ਢੱਲਾ ਖ਼ਿਲਾਫ਼ ਕਾਰਵਾਈ ਲਈ ਵੀ ਜ਼ੋਰ ਦੇ ਰਹੀ ਹੈ।

ਭਾਰਤ ਵਿੱਚ, ਮਈ ਵਿੱਚ ਹੋਏ ਮੂਸੇ ਵਾਲਾ ਦੇ ਕਤਲ ਤੋਂ ਇਲਾਵਾ, ਗੋਲਡੀ ਬਰਾੜ ਪਿਛਲੇ ਮਹੀਨੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲ ਵਿੱਚ ਵੀ ਫ਼ਸਿਆ ਹੋਇਆ ਹੈ। ਇੱਕ ਅਧਿਕਾਰੀ ਨੇ ਕਿਹਾ, ''ਇਹ ਸੱਚਮੁੱਚ ਇਸ ਤਰ੍ਹਾਂ ਹੈ ਜਿਵੇਂ ਉਹ ਸਾਡੇ 'ਤੇ ਚੁਟਕੀ ਲੈ ਰਿਹਾ ਹੋਵੇ, ਕਿਉਂ ਕਿ ਵੱਖੋ-ਵੱਖ ਤਰੀਕਿਆਂ ਨਾਲ ਉਹ ਆਪਣੀ ਅਗਲੀ 'ਕਾਰਵਾਈ' ਦੀ ਘੋਸ਼ਣਾ ਵੀ ਕਰਦੇ ਜਾਪਦੇ ਦਿਖਾਈ ਦਿੱਤੇ।''

ਕੈਨੇਡੀਅਨ ਨਾਗਰਿਕਤਾ ਹਾਸਲ ਕਰ ਚੁੱਕੇ ਲੋਕਾਂ ਦੀ ਹਵਾਲਗੀ ਇੱਕ ਲੰਬੀ ਪ੍ਰਕਿਰਿਆ ਹੋ ਸਕਦੀ ਹੈ, ਕਿਉਂਕਿ ਬਹੁਤ ਸਾਰੇ ਦੇਸ਼ ਆਪਣੇ ਨਾਗਰਿਕਾਂ ਤੱਕ ਅਸਾਨ ਪਹੁੰਚ ਨਹੀਂ ਦਿੰਦੇ। ਭਾਰਤ ਵਿੱਚ ਅਪਰਾਧ ਨੂੰ ਅੰਜਾਮ ਦੇਣ ਵਾਲੇ ਭਾਰਤੀ ਨਾਗਰਿਕ ਨੂੰ ਕਨੂੰਨੀ ਦਾਇਰੇ 'ਚ ਲੈਣਾ ਕੈਨੇਡਾ ਵਿੱਚ ਲੁਕੇ ਰਹਿਣ ਵਾਲੇ ਮੁਲਜ਼ਮਾਂ ਦੇ ਮੁਕਾਬਲਤਨ ਆਸਾਨ ਹੈ।