ਫਿਰ ਚੱਲਿਆ ਤੇਂਦੁਲਕਰ ਦਾ ਬੱਲਾ : ਮਹਾਨ ਕ੍ਰਿਕੇਟਰਾਂ ਨੇ ਬੁਸ਼ਫ਼ਾਇਰ ਰਾਹਤ ਫ਼ੰਡ ਲਈ ਜੋੜਿਆ ਪੈਸਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਤੇਂਦੁਲਕਰ ਨੇ ਪੈਰੀ ਦੀ ਚੁਨੌਤੀ ਸਵੀਕਾਰੀ, ਚੈਰਿਟੀ ਮੈਚ 'ਚ ਕੀਤੀ ਬੱਲੇਬਾਜ਼ੀ

file photo

ਮੇਲਬੋਰਨ : ਮਹਾਨ ਕ੍ਰਿਕੇਟਰਾਂ ਨੇ ਮਿਲ ਕੇ ਐਤਵਾਰ ਨੂੰ ਕਰਵਾਏ ਗਏ ਚੈਰਿਟੀ ਮੈਚ ਜ਼ਰੀਏ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਪੀੜਤਾਂ ਲਈ ਪੈਸਾ ਇਕੱਠਾ ਕਰਨ 'ਚ ਮਦਦ ਲਈ ਅਤੇ ਇਸ ਮੁਕਾਬਲੇ ਵਿਚ ਬ੍ਰਾਇਨ ਲਾਲਰਾ ਨੇ ਖ਼ੂਬਸੂਰਤ ਸਟ੍ਰੋਕਸ ਲਗਾਉਂਦਿਆਂ 30 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਭਾਰਤ ਦੇ ਮਹਾਨ ਕ੍ਰਿਕੇਟਰ ਸਚਿਨ ਤੇਂਦੁਲਕਰ ਨੇ ਵੀ ਦੋਹਾਂ ਪਾਰੀਆਂ ਵਿਚਕਾਰ ਇਕ ਓਵਰ 'ਚ ਬੱਲੇਬਾਜ਼ੀ ਕੀਤੀ। ਤੇਂਦੁਲਕਰ ਨੂੰ ਆਸਟ੍ਰੇਲੀਆ ਦੀ ਮਹਿਲਾ ਟੀਮ ਦੀ ਸੁਪਰਸਟਾਰ ਆਲ ਰਾਊਂਡਰ ਐਲਿਸੇ ਪੈਰੀ ਨੇ ਇਹ ਚੁਨੌਤੀ ਦਿਤੀ ਸੀ ਜਿਸ ਨੂੰ ਉਨ੍ਹਾਂ ਮਨਜ਼ੂਰ ਕੀਤਾ।  

ਮੈਦਾਨ 'ਚ ਬੱਲੇਬਾਜ਼ੀ ਕਰਦਿਆਂ ਇਹ ਪੰਜ ਮਿੰਟ ਸ਼ਾਇਦ ਅੰਤਰ ਰਾਸ਼ਟਰੀ ਕ੍ਰਿਕੇਟ 'ਚ ਲਗਾਏ ਸੌ ਸੈਂਕੜਿਆਂ ਤੋਂ ਜ਼ਿਆਦਾ ਮਾਇਨੇ ਰੱਖਦੇ ਹਨ ਕਿਉਂਕਿ ਇਹ ਸਾਰੀ ਰਕਮ ਚੈਰਿਟੀ ਲਈ ਜਾਵੇਗੀ। ਮੋਢੇ ਦੀ ਸੱਟ ਕਾਰਨ ਡਾਕਟਰਾਂ ਨੇ ਤੇਂਦੁਲਕਰ ਨੂੰ ਖੇਡ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਹੈ ਪਰ ਫਿਰ ਵੀ ਉਨ੍ਹਾਂ ਨੇ ਇਹ ਬੱਲੇਬਾਜ਼ਲੀ ਕੀਤੀ।  

ਪੈਰੀ ਨੇ ਕਿਹਾ, ''ਤੇਂਦੁਲਕਰ ਵਿਰੁਧ ਗੇਂਦਬਾਜ਼ੀ ਕਰਨਾ ਅਤੇ ਬ੍ਰਾਇਨ ਲਾਰਾ ੂ ਬੱਲੇਬਾਜ਼ੀ ਕਰਦਿਆਂ ਦੇਖਣਾ ਸ਼ਾਨਦਾਰ ਤਜ਼ਰਬਾ ਰਿਹਾ।'' ਕਪਤਾਨ ਰਿਕੀ ਪੋਂਟਿੰਗ ਜਸਟਿਨ ਲੈਂਗਰ ਦੇ ਆਊਟ ਹੋਣ ਤੋਂ ਬਾਅਦ ਕ੍ਰੀਜ਼ 'ਤੇ ਉਤਰੇ ਅਤੇ ਉਨ੍ਹਾਂ ਵੀ 26 ਦੌੜਾਂ ਬਣਾਈਆਂ ਜਿਸ ਨਾਲ ਟੀਮ ਨੇ 10 ਓਵਰਾਂ ਵਿਚ 5 ਵਿਕਟਾਂ 'ਤੇ 104 ਦੌੜਾਂ ਦਾ ਸਕੋਰ ਖੜਾ ਕੀਤਾ।

ਪੌਂਟਿੰਗ ਨੇ ਕਿਹਾ, ''ਸਾਰੇ ਖਿਡਾਰੀ ਖੇਡੇ ਅਤੇ ਉਹ ਹੋਰ ਖੇਡਣਾ ਚਾਹੁੰਦੇ ਸਨ। ਸਾਰਿਆਂ ਦੀ ਸ਼ਮੂਲੀਅਤ ਸ਼ਾਨਦਾਰ ਰਹੀ। ਜਿਨ੍ਹਾਂ ਖਿਡਾਰੀਆਂ ਨਾਲ 25 ਸਾਲ ਤਕ ਡ੍ਰੈਸਿੰਗ ਰੂਮ ਸਾਂਝਾ ਕੀਤਾ, ਫਿਰ ਉਨ੍ਹਾਂ ਨਾਲ ਖੇਡਣਾ ਬਹੁਤ ਵਧੀਆ ਰਿਹਾ।''

ਮੈਚ ਤੋਂ ਬਾਅਦ ਕ੍ਰਿਕੇਟ ਆਸਟ੍ਰੇਲੀਆ ਨੇ ਟਵੀਟ ਕਰ ਆਲਮੀ ਕ੍ਰਿਕੇਟਰਾਂ ਦਾ ਧਨਵਾਦ ਕੀਤਾ ਅਤੇ ਦਸਿਆ ਕਿ ਉਨ੍ਹਾਂ ਹਾਲ ਹੀ ਵਿਚ ਜੰਗਲਾਂ ਵਿਚ ਲੱਗੀ ਅੱਗ ਦੇ ਪੀੜਤ ਪਰਵਾਰਾਂ ਦੀ ਮਦਦ ਲਈ 77 ਲੱਗ ਆਸਟ੍ਰੇਲੀਆਈ ਡਾਲਰ ਇਕੱਠੇ ਕੀਤੇ ਹਨ।