ਚੀਨ ਖਿਲਾਫ਼ ਲਾਮਬੰਦੀ, ਅਮਰੀਕੀ ਸੰਸਦ 'ਚ ਬਿੱਲ ਪੇਸ਼, ਚੀਨੀ ਕਰਤੂਤਾਂ ਦਾ ਹੋਵੇਗਾ ਪਰਦਾਫਾਸ਼!

ਏਜੰਸੀ

ਖ਼ਬਰਾਂ, ਕੌਮਾਂਤਰੀ

ਕਰੋਨਾ ਕਾਲ ਦੌਰਾਨ ਚੀਨ ਵਲੋਂ ਅਮਰੀਕੀ ਹਿਤਾਂ ਖਿਲਾਫ਼ ਚੁਕੇ ਕਦਮਾਂ ਦੀ ਜਾਂਚ ਮੰਗੀ

China USA

ਵਾਸ਼ਿੰਗਟਨ : ਕਰੋਨਾ ਮਹਾਮਾਰੀ ਲਈ ਚੀਨ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਅਮਰੀਕਾ ਅੰਦਰ ਲਾਮਬੰਦੀ ਸ਼ੁਰੂ ਹੋ ਗਈ ਹੈ। ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਸ਼ੁਰੂ ਤੋਂ ਹੀ ਕਰੋਨਾ ਵਾਇਰਸ ਦੀ ਉਤਪਤੀ ਤੇ ਫ਼ੈਲਾਅ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਰਹੇ ਹਨ। ਹੁਣ ਅਮਰੀਕਾ ਅੰਦਰ ਚੀਨ ਨੂੰ ਉਸ ਦੀਆਂ ਗ਼ਲਤੀਆਂ ਲਈ ਕਟਹਿਰੇ 'ਚ ਖੜ੍ਹਾ ਕਰਨ ਲਈ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਸਰਗਰਮੀਆਂ ਵਧਾ ਦਿਤੀਆਂ ਹਨ। ਇਸੇ ਤਹਿਤ ਚੀਨ ਵਲੋਂ ਕੋਰੋਨਾ ਮਹਾਂਮਾਰੀ ਦਾ ਫਾਇਦਾ ਚੁੱਕਣ ਦੀਆਂ ਕੋਸ਼ਿਸ਼ਾਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਅਮਰੀਕੀ ਸੰਸਦ 'ਚ ਬਿੱਲ ਪੇਸ਼ ਕੀਤਾ ਗਿਆ।

ਇਸ ਬਿੱਲ ਰਾਹੀਂ ਚੀਨੀ ਸਰਕਾਰ ਦੇ ਗ਼ਲਤ ਕੰਮਾਂ ਦੀ ਪਛਾਣ ਕਰਨ, ਵਿਸ਼ਲੇਸ਼ਣ ਕਰਨ ਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਮੰਗ ਕੀਤੀ ਗਈ ਹੈ। ਇਹ ਬਿੱਲ 14 ਅਮਰੀਕੀ ਸੰਸਦ ਮੈਂਬਰਾਂ ਨੇ ਮਿਲ ਕੇ ਪੇਸ਼ ਕੀਤਾ ਹੈ। ਸੰਸਦ ਮੈਂਬਰ ਜੇਰੇਡ ਗੋਲਡਨ ਨੇ ਸੰਸਦ ਦੇ ਹੇਠਲੇ ਸਦਨ, ਅਮਰੀਕੀ ਪ੍ਰਤੀਨਿਧ ਸਦਨ 'ਚ 'ਪ੍ਰਿਵੈਂਟਿੰਗ ਚਾਈਨਾ ਫਰੋਮ ਐਕਸਪਲਾਈਟਿੰਗ ਕੋਵਿਡ-19 ਐਕਟ' ਨਾਮਕ ਬਿੱਲ ਪੇਸ਼ ਕੀਤਾ ਹੈ।

ਇਸ ਦਾ ਸਮਰਥਨ 13 ਹੋਰ ਸੰਸਦ ਮੈਂਬਰਾਂ ਨੇ ਕੀਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ, ਨੈਸ਼ਨਲ ਇੰਟੈਲੀਜੈਂਸ (ਡੀਐਨਆਈ) ਦੇ ਡਾਇਰੈਕਟਰ ਲਈ ਚੀਨ ਮਾਮਲੇ ਦੀ ਜਾਂਚ ਕਰਨਾ ਲਾਜ਼ਮੀ ਹੋ ਜਾਵੇਗਾ। ਬਿੱਲ 'ਚ ਚੀਨੀ ਸਰਕਾਰ ਵਲੋਂ ਕੋਵਿਡ-19 ਦੇ ਪਰਦੇ ਹੇਠ ਅਪਣੇ ਕੌਮੀ ਹਿਤਾਂ ਦੀ ਪੂਰਤੀ ਲਈ ਕੋਸ਼ਿਸ਼ ਕਰਨ ਵਰਗੇ ਕਦਮਾਂ ਦੀ ਜਾਂਚ ਦੀ ਮੰਗ ਕੀਤੀ ਗਈ ਹੈ।

ਇਸੇ ਤਰ੍ਹਾਂ ਅਮਰੀਕਾ ਲਈ ਪੈਦਾ ਹੋਏ ਖ਼ਤਰੇ ਦਾ ਮੁਲਾਂਕਣ ਕਰਨ ਦੀ ਮੰਗ ਵੀ ਕੀਤੀ ਗਈ ਹੈ। ਗੋਲਡਨ ਨੇ ਕਿਹਾ, ਕੋਵਿਡ -19 ਦੀ ਸ਼ੁਰੂਆਤ ਤੋਂ ਹੀ ਇਸ ਗੱਲ ਦਾ ਸਬੂਤ ਹੈ ਕਿ ਚੀਨ ਸਾਈਬਰ ਚੋਰੀ ਤੇ ਝੂਠੀਆਂ ਖ਼ਬਰਾਂ ਰਾਹੀਂ ਅਮਰੀਕੀਆਂ ਖ਼ਿਲਾਫ਼ ਮਹਾਮਾਰੀ ਦੀ ਵਰਤੋਂ ਕਰ ਰਿਹਾ ਹੈ। ਸਾਨੂੰ ਇਨ੍ਹਾਂ ਖ਼ਤਰਿਆਂ ਨੂੰ ਪੂਰੀ ਤਰ੍ਹਾਂ ਸਮਝਣ ਤੇ ਉਨ੍ਹਾਂ ਦਾ ਜਵਾਬ ਦੇਣ ਦੀ ਲੋੜ ਹੈ।

ਕਾਬਲੇਗੌਰ ਹੈ ਕਿ ਕਰੋਨਾ ਕਾਲ ਦੌਰਾਨ ਅਪਣੀਆਂ ਵਿਸਥਾਰਵਾਦੀ ਨੀਤੀਆਂ ਨੂੰ ਹਵਾ ਦੇਣ ਕਾਰਨ ਚੀਨ ਪਹਿਲਾਂ ਹੀ ਦੁਨੀਆਂ ਦੀ ਨਜ਼ਰ 'ਚ ਰੜਕ ਰਿਹਾ ਹੈ। ਇਕ ਪਾਸੇ ਜਿੱਥੇ ਪੂਰੀ ਦੁਨੀਆਂ ਕਰੋਨਾ ਨਾਲ ਜੂਝ ਰਹੀ ਹੈ, ਉਥੇ ਚੀਨ  ਅਪਣੇ ਗੁਆਢੀਆਂ ਨੂੰ ਸਰਹੱਦਾਂ 'ਤੇ  ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਅਮਰੀਕਾ ਨੂੰ ਚੁਨੌਤੀ ਦੇਂਦੇ ਖੇਤਰਾਂ ਅੰਦਰ ਅਪਣੀਆਂ ਗਤੀਵਿਧੀਆਂ ਵਧਾ ਰਿਹਾ ਹੈ। ਚੀਨ ਦੀਆਂ ਇਨ੍ਹਾਂ ਹਰਕਤਾਂ ਕਾਰਨ ਹੀ ਅਮਰੀਕਾ ਤੋਂ ਇਲਾਵਾ ਦੁਨੀਆਂ ਦੇ ਬਹੁਤੇ ਦੇਸ਼ ਚੀਨ ਖਿਲਾਫ਼ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।