ਇਮਰਾਨ ਦੀ ਸਾਬਕਾ ਪਤਨੀ ਨੇ ਕੀਤੀ ਪਾਕਿਸਤਾਨ ਸਰਕਾਰ ਦੀ ਆਲੋਚਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਜੇਮਿਮਾ ਗੋਲਡਸਮਿਥ ਨੇ ਪਾਕਿਸਤਾਨ ਸਰਕਾਰ ਵਲੋਂ ਨਵੇਂ ਬਣੀ ਆਰਥਕ ਸਲਾਹਕਾਰ ਕੌਂਸਲ.............

Imran's ex-wife Jemima Goldsmith

ਲੰਦਨ : ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਜੇਮਿਮਾ ਗੋਲਡਸਮਿਥ ਨੇ ਪਾਕਿਸਤਾਨ ਸਰਕਾਰ ਵਲੋਂ ਨਵੇਂ ਬਣੀ ਆਰਥਕ ਸਲਾਹਕਾਰ ਕੌਂਸਲ 'ਚੋਂ ਮਸ਼ਹੂਰ ਅਰਥਸ਼ਾਸਤਰੀ ਆਤਿਫ਼ ਮੀਆਂ ਦੀ ਨਾਮਜ਼ਦਗੀ ਵਾਪਸ ਲੈਣ ਦੀ ਸਖ਼ਤ ਆਲੋਚਨਾ ਕੀਤੀ ਹੈ। ਬਰਤਾਨੀਆ 'ਚ ਰਹਿ ਰਹੀ 44 ਸਾਲ ਦੀ ਜੇਮਿਮਾ ਨੇ ਟਵਿੱਟਰ 'ਤੇ ਅਪਣੀ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ ਕਿ ਇਸ ਦਾ ਬਚਾਅ ਨਹੀਂ ਕੀਤਾ ਜਾ ਸਕਦਾ ਅਤੇ ਇਹ ਕਾਫ਼ੀ ਨਿਰਾਸ਼ਾਜਨਕ ਹੈ।

ਉਨ੍ਹਾਂ ਕਿਹਾ, ''ਪਾਕਿਸਤਾਨ ਦੇ ਕਾਇਦੇ-ਆਜ਼ਮ (ਮੁਹੰਮਤ ਅਲੀ ਜਿਨਾਹ) ਨੇ ਇਕ ਅਹਿਮਦੀਆ ਮੁਸਲਮਾਨ ਨੂੰ ਦੇਸ਼ ਦਾ ਵਿਦੇਸ਼ ਮੰਤਰੀ ਨਿਯੁਕਤ ਕੀਤਾ ਸੀ।''ਪਾਕਿਸਤਾਨ ਸਰਕਾਰ ਨੇ ਮੀਆਂ ਦੇ ਅਹਿਮਦੀਆ ਫ਼ਿਰਕੇ ਦੇ ਹੋਣ ਕਰ ਕੇ ਕੱਟੜਪੰਥੀਆਂ ਦੇ ਦਬਾਅ 'ਚ ਆ ਕੇ ਉਨ੍ਹਾਂ ਨੂੰ ਈ.ਏ.ਸੀ. ਦੀ ਮੈਂਬਰੀ ਛੱਡਣ ਨੂੰ ਕਿਹਾ ਸੀ। ਕੱਟੜਪੰਕੀਆਂ ਦੇ ਦਬਾਅ 'ਚ ਆ ਕੇ ਸ਼ੁਕਰਵਾਰ ਨੂੰ ਇਮਰਾਲ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਸ਼ਹੂਰ ਅਰਥਸ਼ਾਸਤਰੀ ਮੀਆਂ ਦੀ ਨਵੀਂ ਬਣੀ ਆਰਥਕ ਸਲਾਹਕਾਰ ਕੌਂਸਲ 'ਚੋਂ ਨਾਂ ਵਾਪਸ ਲੈ ਲਿਆ ਸੀ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸੰਵਿਧਾਨ 'ਚ ਅਹਿਮਦੀਆਂ ਨੂੰ ਗ਼ੈਰ-ਮੁਸਲਿਮ ਐਲਾਨ ਕੀਤਾ ਹੋਇਆ ਹੈ ਅਤੇ ਕਈ ਮੁਸਲਮਾਨ ਵਿਚਾਰਧਾਰਾਵਾਂ 'ਚ ਉਨ੍ਹਾਂ ਦੀਆਂ ਮਾਨਤਾਵਾਂ ਨੂੰ ਈਸ਼ਨਿੰਦਾ ਮੰਨਿਆ ਜਾਂਦਾ ਹੈ। ਅਕਸਰ ਕੱਟੜਪੰਥੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ ਅਤੇ ਉਨ੍ਹਾਂ ਦੇ ਧਾਰਮਕ ਸਥਾਲਾਂ ਦੀ ਵੀ ਤੋੜਭੰਨ ਕੀਤੀ ਜਾਂਦੀ ਰਹੀ ਹੈ।  (ਪੀਟੀਆਈ)