ਗੁਰਪੁਰਬ ਮਨਾਉਣੇ ਕੋਈ ਇਮਰਾਨ ਖ਼ਾਨ ਕੋਲੋ ਸਿੱਖੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਤੁਰੇ ਯਾਤਰੂ ਦੇਰ ਸ਼ਾਮ ਨੂੰ ਕਰੀਬ 8 ਵਜੇ ਸ੍ਰੀ ਕਰਤਾਰਪੁਰ ਸਾਹਿਬ ਪੁਜੇ

Imran Khan

ਸ੍ਰੀ ਕਰਤਾਰਪੁਰ ਸਾਹਿਬ (ਚਰਨਜੀਤ ਸਿੰਘ) : ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਬੰਧ ਦੇਖ ਕੇ ਹਰ ਸਿੱਖ ਅਸ਼ ਅਸ਼ ਕਰ ਉਠਿਆ। ਬੇਸ਼ਕ ਅਚਾਨਕ ਆਈ ਬਰਸਾਤ ਕਾਰਨ ਕੁਝ ਜਗ੍ਹਾ ਤੇ ਪਾਣੀ ਖੜਾ ਸੀ ਪਰ ਬਾਬੇ ਨਾਨਕ ਦੇ ਸਿੱਖਾਂ ਦੀ ਸ਼ਰਧਾ ਤੇ ਪਾਕਿਸਤਾਨੀਆਂ ਦੇ ਬਾਬੇ ਨਾਨਕ ਪ੍ਰਤੀ ਦਿਖਾਏ ਜਾ ਰਹੇ ਪਿਆਰ ਨੇ ਇਨ੍ਹਾ ਸਾਰੀਆਂ ਊਣਤਾਈਆਂ ਨੂੰ ਬੋਨਾ ਕਰ ਦਿਤਾ।

ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਤੁਰੇ ਯਾਤਰੂ ਦੇਰ ਸ਼ਾਮ ਨੂੰ ਕਰੀਬ 8 ਵਜੇ ਸ੍ਰੀ ਕਰਤਾਰਪੁਰ ਸਾਹਿਬ ਪੁਜੇ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਏ ਇੰਤਜ਼ਾਮ ਇੰਨੇ ਸੁਚੱਜੇ ਸਨ ਕਿ ਯਾਤਰੀਆਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ। ਟੈਂਟ ਸਿਟੀ 'ਚ ਸਾਰੇ ਯਾਤਰੀਆਂ ਲਈ ਰਹਿਣ ਦੇ ਪ੍ਰਬੰਧ ਸਨ। ਹਰ ਯਾਤਰੂ ਲਈ ਗੱਦੇ, ਕੰਬਲ ਸਿਰਹਾਣੇ ਕਾਰੀਨੇ ਨਾਲ ਸਜਾਏ ਗਏ ਸਨ।

ਇਕ ਵੱਡੇ ਟੈਂਟ ਚ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ। ਯਾਤਰੂਆਂ ਲਈ ਮੁਢਲੀ ਸਹੂਲਤ ਪਖਾਨੇ ਤੇ ਗੁਸਾਲਖਾਨਿਆ ਦੀਆਂ ਕਤਾਰਾਂ ਦਸ ਰਹੀਆਂ ਸਨ ਕਿ ਇਸ ਸਾਰੇ ਪਿੱਛੇ ਕੋਈ ਕੁਸ਼ਲ ਪ੍ਰਬੰਧਕ ਕੰਮ ਕਰ ਰਿਹਾ ਹੈ ਜੋ ਯਾਤਰੀਆਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦੇਣਾ ਚਾਹੁੰਦਾ। ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਦੇ ਮੂੰਹੋਂ ਆਪ ਮੁਹਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਭਾਰਤੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਲਈ ਅਸੀਸਾਂ ਨਿਕਲ ਰਹੀਆਂ ਸਨ।

ਗੁਰਦਵਾਰਾ ਸਾਹਿਬ ਦੀ ਪੁਰਾਣੀ ਇਮਾਰਤ ਨੂੰ ਛੇੜੇ ਬਿਨਾ ਆਲੇ ਦੁਆਲੇ ਚ ਵੱਡੀਆਂ ਇਮਾਰਤਾਂ ਮਹੌਲ ਨੂੰ ਧਾਰਮਿਕ ਰੰਗਤ ਦੇ ਰਹੀਆਂ ਹਨ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਵਿਚ ਮਨੁੱਖੀ ਏਕਤਾ ਦਾ ਇਕ ਇਹ ਵੀ ਸਬੂਤ ਮਿਲਦਾ ਹੈ ਕਿ ਇਥੇ ਇਕ ਮਜਾਰ ਵੀ ਮੌਜੂਦ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਦ ਗੁਰੂ ਸਾਹਿਬ ਦੀ ਦੇਹ ਲੱਭੀ ਨਹੀਂ ਸੀ।

ਉਸ ਜਗ੍ਹਾ ਤੇ ਇਕ ਚਾਦਰ ਤੇ ਫੁੱਲ ਸਿਨ ਜਿਸ ਨੂੰ ਬਾਬੇ ਦੇ ਪੈਰੋਕਾਰਾਂ ਨੇ ਵੰਡ ਲਿਆ ਸੀ। ਸਿੱਖਾਂ ਨੇ ਚਾਦਰ ਸਸਕਾਰ ਕੀਤਾ ਤੇ ਮੁਸਲਮਾਨ ਪੈਰੋਕਾਰਾਂ ਨੇ ਚਾਦਰ ਦਬਾ ਦਿਤੀ ਸੀ। ਅਜ ਵੀ ਇਸ ਦੇ ਦਰਸ਼ਨ ਕੀਤੇ ਜਾ ਸਕਦੇ ਹਨ।