ਕੋਰੋਨਾ ਵਾਇਰਸ : ਮਰਨ ਵਾਲਿਆਂ ਦੀ ਸੰਖਿਆ 900 ਤੋਂ ਪਾਰ, ਹਜ਼ਾਰਾਂ ਨਵੇਂ ਕੇਸ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਵਿਚ ਲਗਾਤਾਰ ਜਾਰੀ ਹੈ ਕੋਰੋਨਾ ਵਾਇਰਸ ਦਾ ਕਹਿਰ

File Photo

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਨੋਬੇਲ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਬੀਤੇ ਐਤਵਾਰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 910 ਤੱਕ ਪਹੁੰਚ ਚੁੱਕੀ ਹੈ ਅਤੇ 3 ਹਜ਼ਾਰ ਤੋਂ ਜਿਆਦਾ ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਵਿਸ਼ਵ ਸਹਿਤ ਸੰਗਠਨ ਦੀ ਟੀਮ ਵੀ ਚੀਨ ਦੇ ਦੌਰੇ 'ਤੇ ਜਾਵੇਗੀ।

ਜਾਣਕਾਰੀ ਅਨੁਸਾਰ ਬੀਤੇ ਦਿਨ ਚੀਨ ਵਿਚ ਕੋਰੋਨਾ ਵਾਇਰਸ ਨਾਲ ਪੀੜਤ 97 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3,062 ਲੋਕਾਂ ਵਿਚ ਕੋਰੋਨਾ ਦੀ ਲਾਗ ਦੀ ਪੁਸ਼ਟੀ ਹੋ ਚੁੱਕੀ ਹੈ। ਜਦਕਿ 4,008 ਸ਼ੱਕੀ ਕੇਸ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਦੀ ਕੁੱਲ ਸੰਖਿਆ 40,171 ਤੱਕ ਪਹੁੰਚ ਗਈ ਹੈ। ਦਿਨ ਪ੍ਰਤੀ ਦਿਨ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਕਰਕੇ ਚੀਨ ਵਿਚ ਮੈਡੀਕਲ ਸਹੂਲਤਾਂ ਦੀ ਵੀ ਕਮੀ ਹੋ ਰਹੀ ਹੈ ਜਿਸ ਕਰਕੇ ਪੀੜਤਾਂ ਨੂੰ ਸਮੇਂ 'ਤੇ ਇਲਾਜ ਨਹੀਂ ਮਿਲ ਪਾ ਰਿਹਾ ਹੈ।

ਕੋਰੋਨਾ ਵਾਇਰਸ ਨਾਲ ਜੂਝ ਰਹੇ ਚੀਨ ਦਾ ਵਿਸ਼ਵ ਸਿਹਤ ਸੰਗਠਨ ਦੀ ਟੀਮ ਵੀ ਦੌਰਾ ਕਰੇਗੀ। ਮੀਡੀਆ ਰਿਪੋਰਟਾ ਅਨੁਸਾਰ WHO ਦੇ ਡਾਇਰੈਕਟਰ ਟ੍ਰੇਡਰਾਸ ਏਡੋਨਮ ਨੇ ਦੱਸਿਆ ਹੈ ਕਿ ਚੀਨ ਤੋਂ ਜਵਾਬ ਮਿਲਣ ਦੇ ਬਾਅਦ ਇਕ ਟੀਮ ਉੱਥੇ ਜਾਵੇਗੀ। ਉਮੀਦ ਇਹ ਕੀਤੀ ਜਾ ਰਹੀ ਹੈ ਮਾਹਿਰਾਂ ਦੀ ਇਹ ਟੀਮ ਅਗਲੇ ਹਫ਼ਤੇ ਚੀਨ ਦੇ ਲਈ ਰਵਾਨਾ ਹੋ ਜਾਵੇਗੀ।ਕੋਰੋਨਾ ਵਾਇਰਸ ਕੇਵਲ ਚੀਨ ਵਿਚ ਹੀ ਨਹੀਂ ਬਲਕਿ ਦੁਨੀਆਂ ਦੇ 27 ਦੇਸ਼ਾਂ ਵਿਚ ਵੀ ਇਸ ਨੇ ਆਪਣੀ ਦਸਤਕ ਦੇ ਦਿੱਤੀ ਹੈ। ਦੁਨੀਆਂ ਭਰ ਵਿਚ ਨੋਬੋਲ ਕੋਰੋਨਾ ਵਾਇਰਸ ਨਾਲ 40,553 ਲੋਕ ਪੀੜਤ ਹਨ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨੂੰ ਪੱਤਰ ਲਿੱਖਿਆ ਹੈ। ਪੀਐਮ ਮੋਦੀ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਨਿਪਟਣ ਲਈ ਭਾਰਤ ਵੱਲੋਂ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਧਿਕਾਰਿਕ ਸੂਤਰਾਂ ਮੁਤਾਬਕ ਪੱਤਰ ਵਿਚ ਪ੍ਰਧਾਨ ਮੰਤਰੀ ਨੇ ਚੀਨ ਵਿਚ ਵਾਇਰਸ ਦੇ ਪ੍ਰਕੋਪ ਨੂੰ ਲੈ ਕੇ ਚੀਨੀ ਰਾਸ਼ਟਰਪਤੀ ਅਤੇ ਉੱਥੇ ਦੇ ਲੋਕਾਂ ਦੇ ਨਾਲ ਇਕਜੁਟਤਾ ਕੀਤੀ ਹੈ ਅਤੇ ਸ਼ੋਕ ਵਿਅਕਤ ਕੀਤਾ ਹੈ।