ਕੋਲੰਬੀਆ: ਜਹਾਜ਼ ਹਾਦਸੇ ਵਿਚ ਮੇਅਰ ਸਮੇਤ 14 ਲੋਕਾਂ ਦੀ ਮੌਤ
ਲੈਟਿਨ ਅਮਰੀਕੀ ਦੇਸ਼ ਕੋਲੰਬੀਆ ਵਿਚ ਇਕ ਜਹਾਜ਼ ਹਾਦਸੇ ਦੌਰਾਨ ਮੇਅਰ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ 14 ਲੋਕਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਕੋਲੰਬੀਆ : ਲੈਟਿਨ ਅਮਰੀਕੀ ਦੇਸ਼ ਕੋਲੰਬੀਆ ਵਿਚ ਇਕ ਜਹਾਜ਼ ਹਾਦਸੇ ਦੌਰਾਨ ਮੇਅਰ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ 14 ਲੋਕਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਹਵਾਬਾਜ਼ੀ ਅਤੇ ਐਮਰਜੈਂਸੀ ਸੇਵਾਵਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਅਮਰੀਕਾ ਵਲੋਂ ਤਿਆਰ ਡਗਲਸ ਡੀਸੀ-3 ਜਹਾਜ਼ ਸੇਨਜੋਸ ਡੇਲ ਗਵਾਵੀਆਰੇ ਅਤੇ ਵਿਲਾਵਿਸੇਂਸੀਓ ਦੇ ਵਿਚਕਾਰ ਦੇਸ਼ ਦੇ ਮੱਧ ਪੂਰਬ ਵਿਚ ਹਾਦਸਾਗ੍ਰਸਤ ਹੋ ਗਿਆ ਹੈ।
ਇਸ ਸ਼੍ਰੇਣੀ ਦੇ ਜਹਾਜ਼ ਦਾ ਸਭ ਤੋਂ ਪਹਿਲਾ ਨਿਰਮਾਣ 1930 ਦੇ ਦਹਾਕੇ ਵਿਚ ਕੀਤਾ ਗਿਆ ਸੀ। ਹਾਦਸਾਗ੍ਰਸਤ ਹੁੰਦਿਆਂ ਹੀ ਜਹਾਜ਼ ਵਿਚ ਭਿਆਨਕ ਅੱਗ ਲੱਗ ਗਈ ਅਤੇ ਇਸ ਵਿਚ ਸਵਾਰ ਸਾਰੇ ਲੋਕ ਜਿੰਦਾ ਸੜ ਗਏ। ਮ੍ਰਿਤਕਾਂ ਵਿਚ ਤਾਰਾਇਰਾ ਦੀ ਮੇਅਰ ਡੋਰਿਸ ਵਿਲੇਗਾਸ, ਉਨ੍ਹਾਂ ਦੇ ਪਤੀ ਅਤੇ ਬੇਟੀ ਵੀ ਸ਼ਾਮਲ ਸਨ।
ਨਾਗਰਿਕ ਸੁਰੱਖਿਆ ਐਮਰਜੈਂਸੀ ਸੇਵਾ ਅਨੁਸਾਰ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋਈ ਹੈ। ਨਿਦੇਸ਼ਕ ਕਰਨਲ ਜਾਰਜ ਮਾਰਟੀਨੇਜ ਦਾ ਕਹਿਣਾ ਹੈ ਕਿ ਹਾਦਸਾ ਸੰਭਾਵਤ ਤੌਰ 'ਤੇ ਇੰਜਣ ਵਿਚ ਖ਼ਰਾਬੀ ਆਉਣ ਕਾਰਨ ਵਾਪਰਿਆ ਹੈ।
ਦੂਜੇ ਪਾਸੇ ਏਅਰੋਨਾਟਿਕਾ ਸਿਵਲ ਨੇ ਹਾਦਸੇ ਦੇ ਕਾਰਨ ਸਬੰਧੀ ਕੋਈ ਜਾਣਕਾਰੀ ਨਹੀਂ ਦਿਤੀ ਅਤੇ ਮੀਡੀਆ ਨੂੰ ਸੋਸ਼ਲ ਮੀਡੀਆ 'ਤੇ ਮੌਜੂਦ ਤਸਵੀਰਾਂ ਨੂੰ ਦਿਖਾਉਣ ਵਿਚ ਸੰਜ਼ਮ ਵਰਤਣ ਦੀ ਅਪੀਲ ਕੀਤੀ। ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਡੁਕਵੇ ਨੇ ਹਾਦਸੇ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਪੀੜਤਾਂ ਨੂੰ ਟਵਿੱਟਰ ਜ਼ਰੀਏ ਸ਼ਰਧਾਂਜਲੀ ਦਿਤੀ ਅਤੇ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ।