ਐਮਾਜ਼ੋਨ ਦੇ ਜੇਫ ਬੇਜੋਸ ਨੇ ਚੰਦ 'ਤੇ ਜਾਣ ਲਈ ਅਪਣੇ ਪਹਿਲੇ ਮਿਸ਼ਨ ਦਾ ਕੀਤਾ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਵੇਂ ਰਾਕੇਟ ਇੰਜਣ ਅਤੇ ਸਪੇਸ਼ ਸ਼ਟਲ ਨੂੰ ਵੀ ਪੇਸ਼ ਕੀਤਾ

Bezos company aims to take people to moon by 2024

ਵਾਸ਼ਿੰਗਟਨ : ਐਮਾਜ਼ੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਜੇਫ ਬੇਜੋਸ ਨੇ ਸ਼ੁਕਰਵਾਰ ਨੂੰ ਚੰਦ 'ਤੇ ਜਾਣ ਲਈ ਅਪਣੇ ਪਹਿਲੇ ਮਿਸ਼ਨ ਦਾ ਐਲਾਨ ਕਰ ਦਿਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕੰਪਨੀ ਦੇ ਬਲਿਊ ਓਰਿਜਨ ਸਪੇਸ ਪ੍ਰੋਗਰਾਮ ਦੇ ਤਹਿਤ ਬਣਾਏ ਗਏ ਨਵੇਂ ਰਾਕੇਟ ਇੰਜਣ ਅਤੇ ਸਪੇਸ਼ ਸ਼ਟਲ ਨੂੰ ਵੀ ਪੇਸ਼ ਕੀਤਾ। ਬੇਜੋਸ ਨੇ ਇਸ ਮੌਕੇ 'ਤੇ ਕਿਹਾ ਕਿ ਇਹ ਚੰਦ 'ਤੇ ਵਾਪਸ ਜਾਣ ਦਾ ਸਮਾਂ ਹੈ। ਅਸੀਂ ਉਥੇ ਤਕ ਰਸਤਾ ਬਣਾਵਾਂਗੇ ਅਤੇ ਉਥੇ ਰਹਾਂਗੇ।

ਬੇਜੋਸ ਨੇ ਜਿਹੜੇ ਸਪੇਸ ਸ਼ਟਲ ਨੂੰ ਪੇਸ਼ ਕੀਤਾ ਹੈ ਉਸ ਦੀ ਸਹਾਇਤਾ ਨਾਲ ਫਿਲਹਾਲ ਵਿਗਿਆਨਕ ਸਿਰਫ਼ ਉਪਕਰਣ, ਸੈਟੇਲਾਈਟ ਅਤੇ ਰੋਵਰ ਲਹੀ ਚੰਦ 'ਤੇ ਭੇਜ ਸਕਣਗੇ। ਅਮਰੀਕਾ ਦੇ ਵਾਸ਼ਿੰਗਟਨ 'ਚ ਅਮਰੀਕੀ ਸਪੇਸ ਏਜੰਸੀ ਨਾਸਾ ਅਤੇ ਹੋਰ ਕੰਪਨੀਆਂ ਦੇ ਮਾਲਕਾਂ ਦੀ ਮੌਜੂਦਗੀ 'ਚ ਬੇਜੋਸ ਨੇ ਕਿਹਾ ਕਿ ਅਜੇ ਸਪੇਸ ਵਿਚ ਬੁਨਿਆਦੀ ਢਾਂਚਾ ਨਾ ਹੋਣ ਦੇ ਕਾਰਨ ਉਥੇ ਕੁਝ ਵੀ ਮਜ਼ੇਦਾਰ ਕਰਨਾ ਕਾਫ਼ੀ ਮਹਿੰਗਾ ਹੈ। ਇਸ ਲਈ ਮੇਰੀ ਪੀੜ੍ਹੀ ਦਾ ਕੰਮ ਸਪੇਸ ਵਿਚ ਮੁਢਲਾ ਢਾਂਚਾ ਖੜ੍ਹਾ ਕਰਨਾ ਹੈ, ਤਾਂ ਜੋ ਚੰਦ 'ਤੇ ਜਾਣ ਦੀ ਸਹੂਲਤ ਹੋ ਸਕੇ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੇਜੋਸ ਆਉਣ ਵਾਲੇ ਸਮੇਂ 'ਚ ਸਪੇਸ ਅਤੇ ਚੰਦ ਨੂੰ ਲੋਕਾਂ ਦੇ ਰਹਿਣ ਲਈ ਤਿਆਰ ਕਰਨਾ ਚਾਹੁੰਦੇ ਹਨ। ਅਪਣੇ ਪ੍ਰੋਜੈਕਟ ਰਾਹੀਂ ਉਹ ਸਪੇਸ ਯਾਤਰਾ ਨੂੰ ਸਸਤਾ ਕਰਨਾ ਚਾਹੁੰਦੇ ਹਨ। ਅਪਣਾ ਇਹ ਸੰਦੇਸ਼ ਲੋਕਾਂ ਤਕ ਪਹੁੰਚਾਉਣ ਲਈ ਬੇਜੋਸ ਨੇ ਪ੍ਰੋਗਰਾਮ ਦੌਰਾਨ ਸਪੇਸ 'ਚ ਬਣਾਈ ਦਾ ਸਕਣ ਵਾਲੀਆਂ ਕਲੌਨੀਆਂ ਦੀ ਤਸਵੀਰ ਵੀ ਦਿਖਾਈ, ਜਿਥੇ ਇਨਸਾਨਾਂ ਦੇ ਨਾਲ ਜਾਨਵਰ ਅਤੇ ਹਰਿਆਲੀ ਵੀ ਮੌਜੂਦ ਰਹੇਗੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣੇ ਜਿਹੇ 2024 ਤਕ ਚੰਦ 'ਤੇ ਦੁਬਾਰਾ ਇਨਸਾਨ ਨੂੰ ਭੇਜਣ ਦਾ ਐਲਾਨ ਕੀਤਾ ਸੀ। ਨਾਸਾ ਇਸ ਲਈ ਕਈ ਨਿੱਜੀ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਬੇਜੋਸ ਦਾ ਬਲੂ ਓਰਿਜਨ ਪ੍ਰੋਗਰਾਮ ਵੀ ਨਾਸਾ ਦੇ ਨਾਲ ਹੀ ਹੈ। ਬੇਜੋਸ ਨੇ ਕਿਹਾ ਕਿ ਉਨ੍ਹਾਂ ਦਾ ਪ੍ਰੋਗਰਾਮ ਵੀ ਨਾਸਾ ਦੇ ਨਾਲ ਹੀ ਹੈ। ਬੇਜੋਸ ਨੇ ਕਿਹਾ ਕਿ ਉਨ੍ਹਾਂ ਦਾ ਪ੍ਰੋਗਰਾਮ ਟਰੰਪ ਦੀ ਦਿਤੀ ਹੋਈ ਤਾਰੀਖ  ਦੇ ਨਾਲ ਹੀ ਪੂਰਾ ਹੋ ਜਾਵੇਗਾ ਕਿਉਂਕਿ ਐਮਾਜ਼ੋਨ ਨੇ ਸਪੇਸ ਸ਼ਟਲ 'ਤੇ 2016 ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਨਾਸਾ ਇਸ ਲਈ ਬੇਜੋਸ ਨੂੰ ਕਰੀਬ 91 ਕਰੋੜ ਰੁਪਏ ਦੀ ਰਾਸ਼ੀ ਵੀ ਦੇ ਚੁੱਕੀ ਹੈ।