ਤੁਰਕੀ 'ਚ ਰੇਲ ਹਾਦਸਾ, 24 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਉੱਤਰ-ਪੱਛਮ ਤੁਰਕੀ 'ਚ ਐਤਵਾਰ ਦੇਰ ਰਾਤ ਇਕ ਰੇਲ ਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖ਼ਮੀ ਹੋ ਗਏ.........

Rail Accident

ਇਸਤਾਂਬੁਲ : ਉੱਤਰ-ਪੱਛਮ ਤੁਰਕੀ 'ਚ ਐਤਵਾਰ ਦੇਰ ਰਾਤ ਇਕ ਰੇਲ ਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖ਼ਮੀ ਹੋ ਗਏ। ਤੁਰਕੀ ਦੇ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਬੁਲਗਾਰੀਆ ਦੀ ਸਰਹੱਦ ਨਾਲ ਲਗਦੇ ਕਾਪਿਕੁਲ ਸ਼ਹਿਰ ਤੋਂ ਇਹ ਟਰੇਨ ਇਸਤਾਂਬੁਲ ਜਾ ਰਹੀ ਸੀ। ਇਸੇ ਦੌਰਾਨ ਰੇਲ ਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ।  ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰ-ਪੱਛਮ ਤੁਰਕੀ 'ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਪਟੜੀਆਂ ਉਖੜ ਗਈਆਂ ਹਨ। ਇਸ ਕਾਰਨ ਰੇਲ ਗੱਡੀ ਪਟੜੀ ਤੋਂ ਉਤਰੀ ਹੋਵੇਗੀ।

ਹਾਦਸੇ ਸਮੇਂ ਰੇਲ ਗੱਡੀ 'ਚ ਕੁਲ 362 ਯਾਤਰੀ ਸਵਾਰ ਸਨ। ਵੱਡੀ ਗਿਣਤੀ 'ਚ ਰਾਹਤ ਅਤੇ ਬਚਾਅ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ 'ਤੇ ਮੋਰਚਾ ਸੰਭਾਲ ਲਿਆ। ਮੌਕੇ 'ਤੇ ਸਰਕਾਰ ਵਲੋਂ 100 ਤੋਂ ਵੱਧ ਐਂਬੁਲੈਂਸਾਂ ਭੇਜੀਆਂ ਗਈਆਂ ਹਨ। ਤੁਰਕੀ ਫ਼ੌਜ ਦੇ ਜਵਾਨ ਵੀ ਬਚਾਅ ਕਾਰਜਾਂ 'ਚ ਜੁਟੇ ਹੋਏ ਹਨ। ਹਸਪਤਾਲ ਪ੍ਰਸ਼ਾਸਨ ਮੁਤਾਬਕ ਮ੍ਰਿਤਕਾਂ ਦੀ ਗਿਣਤੀ 'ਚ ਹੋਰ ਵਾਧਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸਾਲ 2008 'ਚ ਇਸਤਾਂਬੁਲ ਦੇ ਦੱਖਣ ਵਿਚ ਕੁਟਾਹਿਆ ਖੇਤਰ 'ਚ ਇਕ ਰੇਲ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਜੁਲਾਈ 2004 'ਚ 41 ਲੋਕਾਂ ਦੀ ਮੌਤ ਹੋ ਗਈ ਸੀ ਅਤੇ 80 ਜ਼ਖ਼ਮੀ ਹੋਏ ਸਨ। (ਪੀਟੀਆਈ)