ਸਥਾਪਨਾ ਤੋਂ ਕੁਝ ਦਿਨਾਂ ਬਾਅਦ ਹੀ ਯੂਕੇ 'ਚ ਸਿੱਖ ਸਿਪਾਹੀ ਦੇ ਬੁੱਤ ਦੀ ਬੇਕਦਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਗਲੈਂਡ ਦੇ ਵੇਸਟ ਮਿਡਲੈਂਡਜ਼ ਦੇ ਸਮਿੱਥਵਿਕ ਕਸਬੇ ਵਿਚ ਬੀਤੀ 4 ਨਵੰਬਰ ਨੂੰ ਪਹਿਲੀ ਵਿਸ਼ਵ ਜੰਗ ਦੇ ਸਿੱਖ ਸਿਪਾਹੀ ਦੇ ਸਥਾਪਤ ਕੀਤੇ ਬੁੱਤ ਦੀ ਬੇਕਦਰੀ ਕੀਤੀ ਗਈ ਹੈ।

The Statue Of Sikh Soldier

ਲੰਡਨ , ( ਭਾਸ਼ਾ ) : ਇੰਗਲੈਂਡ ਦੇ ਵੇਸਟ ਮਿਡਲੈਂਡਜ਼ ਦੇ ਸਮਿੱਥਵਿਕ ਕਸਬੇ ਵਿਚ ਬੀਤੀ 4 ਨਵੰਬਰ ਨੂੰ ਪਹਿਲੀ ਵਿਸ਼ਵ ਜੰਗ ਦੇ ਸਿੱਖ ਸਿਪਾਹੀ ਦੇ ਸਥਾਪਤ ਕੀਤੇ ਬੁੱਤ ਦੀ ਬੇਕਦਰੀ ਕੀਤੀ ਗਈ ਹੈ। ਇਸ ਬੁੱਤ ਨੂੰ ਲਗਾਇਆਂ ਹਾਲੇ ਇਕ ਹਫਤਾ ਵੀ ਪੂਰਾ ਨਹੀਂ ਸੀ ਹੋਇਆ, ਇਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ ਹੈ। ਇਕ ਟਵੀਟ ਰਾਹੀ ਸਾਹਮਣੇ ਆਈਆਂ ਤਸਵੀਰਾਂ ਵਿਚ ਬੁੱਤ ਤੇ ਲਿਖੇ ਸ਼ਬਦਾਂ ਨੂੰ ਕਾਲੀ ਸਿਆਹੀ ਲਾ ਕੇ ਮਿਟਾਇਆ ਗਿਆ ਹੈ।

ਪਹਿਲੀ ਵਿਸ਼ਵ ਜੰਗ ਦੌਰਾਨ ਬ੍ਰਿਟੇਨ ਲਈ ਲੜੇ ਸਿੱਖ ਸਿਪਾਹੀਆਂ ਦੇ ਸਤਿਕਾਰ ਦੇ ਤੌਰ ਤੇ ਸਥਾਪਤ ਕੀਤੇ ਗਏ ਇਸ ਬੁੱਤ ਤੇ ਲਿਖੇ 'ਮਹਾਨ ਜੰਗ ਦੇ ਸ਼ੇਰ' ਕਥਨ ਦੇ ਸ਼ਬਦਾਂ ਨੂੰ ਮਿਟਾ ਕੇ ਕਾਲੀ ਸਿਆਹੀ ਨਾਲ ਅੰਗਰੇਜ਼ੀ ਵਿਚ 'ਸਿਪਾਹੀ ਨਹੀਂ ਰਿਹਾ' ਅਤੇ '1 ਜਰਨੈਲ' ਲਿਖਿਆ ਗਿਆ ਹੈ। ਜਰਨੈਲ ਸ਼ਬਦ ਤੋਂ ਇਹ ਲਗਦਾ ਹੈ ਕਿ ਕਿਸੇ ਸਿੱਖ ਨੇ ਹੀ ਇਸ ਨੂੰ ਵਿਰੋਧ ਵਿਚ ਲਿਖਿਆ ਹੈ। ਹੋ ਸਕਦਾ ਹੈ ਕਿ ਸਿਪਾਹੀ ਦੇ ਰੈਂਕ ਦੇ ਤੌਰ ਤੇ ਦਿਖਾਏ ਜਾਣ ਤੇ ਕਿਸੇ ਨੇ ਗੁੱਸੇ ਵਿਚ ਰੋਸ ਪ੍ਰਗਟ ਕੀਤਾ ਹੋਵੇ।

ਜੇਕਰ ਇਸ ਨੂੰ ਸਿਪਾਹੀ ਨਹੀਂ ਰਿਹਾ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਹ ਜਰਨੈਲ ਸਿੰਘ ਭਿੰਡਰਾਵਾਲੇ ਵੀ ਹੋ ਸਕਦਾ ਹੈ। ਲਿਖਣ ਵਾਲੇ ਦਾ ਇਹ ਮਕਸਦ ਵੀ ਹੋ ਸਕਦਾ ਹੈ ਕਿ ਸਿੱਖ ਸਿਪਾਹੀ ਨਹੀਂ ਰਹੇ ਬਲਕਿ ਜਰਨੈਲ ਬਣ ਚੁੱਕੇ ਹਨ। ਸਥਾਨਕ ਮੀਡੀਆ ਮੁਤਾਬਕ ਬੀਤੀ ਰਾਤ ਬੁੱਤ ਤੇ ਲਿਖੀਆਂ ਹੋਈਆਂ ਗੱਲਾਂ ਨੂੰ ਮਿਟਾ ਦਿਤਾ ਗਿਆ ਹੈ। ਇਹ ਬੁੱਤ ਸਮਿੱਥਵਿਕ ਗੁਰੂਦਵਾਰੇ ਦੇ ਬਾਹਰ ਸਥਾਪਤ ਕੀਤਾ ਗਿਆ ਸੀ।

ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਇਹ ਘਟਨਾ ਤੋਂ ਦੁਖੀ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ ਤੇ ਕਾਲੀ ਸਿਆਹੀ ਚ ਲਿਖਿਆਂ ਗੱਲਾਂ ਨੂੰ ਮਿਟਾ ਦਿਤਾ ਗਿਆ ਹੈ। ਪੁਲਿਸ ਕਾਂਸੇ ਦੇ ਬਣੇ 10 ਫੁੱਟ ਉਚੇ ਇਸ ਬੁਤ ਨਾਲ ਕੀਤੀ ਗਈ ਛੇੜਛਾੜ ਨੂੰ ਅਪਰਾਧਿਕ ਗਤੀਵਿਧੀ ਦੇ ਤੌਰ ਤੇ ਦੇਖ ਰਹੀ ਹੈ।