ਐਮਨੇਸਟੀ ਵੱਲੋਂ ਆਈਸੀਸੀ ਨੂੰ 'ਬੋਕੋ ਹਰਾਮ' ਦੇ ਜ਼ੁਲਮਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੋਕੋ ਹਰਾਮ ਦੀ ਇਸਲਾਮੀ ਬਗ਼ਾਵਤ ਵਿਚ ਸਾਲ 2009 ਤੋਂ ਹੁਣ ਤੱਕ ਉਤਰ ਪੂਰਬੀ ਨਾਈਜੀਰੀਆ ਵਿਚ 27,000 ਲੋਕਾਂ ਦਾ ਕਤਲ ਕੀਤਾ ਜਾ ਚੁੱਕਾ ਹੈ ।

Amnesty International

ਲਾਗੋਸ, ( ਭਾਸ਼ਾ ) : ਐਮਨੇਸਟੀ ਇੰਟਰਨੈਸ਼ਨਲ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਨੂੰ ਬੋਕੋ ਹਰਾਮ ਦੇ ਜ਼ੁਲਮਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਨਾਈਜੀਰੀਆ 'ਤੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਅੰਦਰ ਲਿਆਉਣ ਵਿਚ ਕਾਮਯਾਬ ਨਾ ਹੋਣ ਦਾ ਦੋਸ਼ ਲਗਾਇਆ। ਆਈਸੀਸੀ ਮੁਖ ਵਕੀਲ ਫਾਤਿਮਾ ਬੇਂਸੌਦਾ ਨੇ ਜੰਗ ਵਿਚ ਹੋਣ ਵਾਲੇ ਅਪਰਾਧਾਂ ਅਤੇ ਹਿੰਸਾਂ ਦੌਰਾਨ ਮਨੁੱਖੀ ਹਿੱਤਾਂ ਵਿਰੋਧੀ ਕੰਮਾਂ ਨਾਲ ਜੁੜੇ 8 ਸੰਭਾਵਿਤ ਮਾਮਲਿਆਂ ਵਿਚ ਸਾਲ 2010 ਵਿਚ ਮੁਢੱਲੀ ਜਾਂਚ ਸ਼ੁਰੂ ਕੀਤੀ ਸੀ। ਇਹਨਾਂ ਵਿਚੋਂ 6 ਮਾਮਲੇ ਜਿਹਾਦ ਨਾਲ ਸਬੰਧਤ ਸਨ।

ਜਿਹਨਾਂ ਵਿਚ ਨਾਗਰਿਕਾਂ ਦਾ ਕਤਲ, ਵੱਡੀ ਗਿਣਤੀ ਵਿਚ ਲੋਕਾਂ ਨੂੰ ਅਗਵਾ ਕਰਨ, ਸਕੂਲਾਂ ਅਤੇ ਧਾਰਮਿਕ ਸਥਾਨਾਂ 'ਤੇ ਹਮਲੇ ਅਤੇ ਜਿਨਸੀ ਹਿੰਸਾ ਦੇ ਨਾਲ ਹੀ ਸੰਘਰਸ਼ ਦੌਰਾਨ ਬੱਚਿਆਂ ਦੀ ਵਰਤੋਂ ਕਰਨਾ ਸ਼ਾਮਲ ਹੈ। ਬੋਕੋ ਹਰਾਮ ਦੀ ਇਸਲਾਮੀ ਬਗ਼ਾਵਤ ਵਿਚ ਸਾਲ 2009 ਤੋਂ ਹੁਣ ਤੱਕ ਉਤਰ ਪੂਰਬੀ ਨਾਈਜੀਰੀਆ ਵਿਚ 27,000 ਲੋਕਾਂ ਦਾ ਕਤਲ ਕੀਤਾ ਜਾ ਚੁੱਕਾ ਹੈ ਅਤੇ ਲਗਭਗ 18 ਲੱਖ ਲੋਕ ਬੇਘਰ ਹੋ ਚੁੱਕੇ ਹਨ। ਜਿਸ ਨਾਲ ਖੇਤਰ ਵਿਚ ਮਨੁੱਖੀ ਮੂਸੀਬਤਾਂ ਵਿਚ ਵਾਧਾ ਹੋਇਆ ਹੈ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਜੂਨ 2015 ਵਿਚ

ਵਾਅਦਾ ਕੀਤਾ ਸੀ ਕਿ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਦੇ ਸਾਰੇ ਮਾਮਲਿਆਂ ਨੂੰ ਨਿਪਟਾਉਣ ਲਈ ਕਾਨੂੰਨ ਦੇ ਸ਼ਾਸਨ ਦੀ ਵਰਤੋਂ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਬੇਂਸੌਦਾ ਨੇ 5 ਦਸੰਬਰ ਨੂੰ ਪ੍ਰਕਾਸ਼ਿਤ ਹੋਈ ਅਪਣੀ ਰੀਪੋਰਟ ਵਿਚ ਕਿਹਾ ਕਿ ਨਾਈਜੀਰੀਆ ਨੇ ਦੋਸ਼ਾਂ ਦੀ ਜਾਂਚ ਲਈ ਕਈ ਉਚਿਤ ਕਦਮ ਚੁੱਕੇ ਹਨ। ਉਹਨਾਂ ਲਿਖਿਆ ਹੈ ਕਿ ਬੋਕੋ ਹਰਾਮ ਦੇ ਮੈਂਬਰਾਂ ਵਿਰੁਧ ਕਾਰਵਾਈ ਦੀ ਸੰਭਾਵਨਾ ਦਿਖਾਈ ਦਿਤੀ ਪਰ ਫ਼ੋਜੀਆਂ ਵਿਰੁਧ ਨਹੀਂ

ਕਿਉਂਕਿ ਨਾਈਜੀਰੀਆ ਅਧਿਕਾਰੀ ਕਿਸੇ ਵੀ ਅਜਿਹੇ ਦੋਸ਼ ਨੂੰ ਕਬੂਲ ਨਹੀਂ ਕਰਦੇ। ਦੱਸ ਦਈਏ ਕਿ ਬੋਕੋ ਹਰਾਮ ਨਾਈਜੀਰੀਆ ਵਿਚ ਸਥਿਤ ਇਕ ਸੰਗਠਨ ਹੈ ਜਿਸ ਦੀ ਦਹਿਸ਼ਤ ਉਤਰੀ ਅਫਰੀਕਾ ਦੇ ਦੇਸ਼ਾਂ ਵਿਚ ਹੈ। ਇਸ ਸੰਗਠਨ ਨੂੰ ਇਸਲਾਮਕ ਸਟੇਟਸ ਆਫ ਵੇਸਟ ਅਫਰੀਕਾ ਪ੍ਰੋਵਿੰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨਾਈਜੀਰੀਆ ਦੀ ਫ਼ੋਜ ਅਤੇ ਪੁਲਿਸ ਵੱਲੋਂ ਸਾਲ 2009 ਵਿਚ ਕੱਟੜਪੰਥੀ ਸੰਗਠਨ ਬੋਕੋ ਹਰਾਮ ਵਿਰੁਧ ਮੁਹਿੰਮ ਸ਼ੁਰੂ ਕੀਤੀ ਗਈ ਸੀ।