ਖਸ਼ੋਗੀ ਦੇ ਆਖਰੀ ਸ਼ਬਦ ਸਨ 'ਮੈਂ ਸਾਹ ਨਹੀਂ ਲੈ ਪਾ ਰਿਹਾ' : ਰੀਪੋਰਟ
ਇਹ ਬਿਆਨ ਕਿਸੇ ਤੁਰਕੀ ਅਧਿਕਾਰੀ ਵੱਲੋਂ ਕੀਤੀ ਗਈ ਪਹਿਲੀ ਜਨਤਕ ਪੁਸ਼ਟੀ ਹੈ ਕਿ ਖਸ਼ੋਗੀ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ ਅਤੇ ਉਸ ਦੇ ਸਰੀਰ ਦੇ ਟੁਕੜੇ ਕਰ ਦਿਤੇ ਗਏ ਸਨ।
ਵਾਸ਼ਿੰਗਟਨ, ( ਭਾਸ਼ਾ ) : ਇਸਤਾਂਬੁਲ ਵਿਚ ਸਊਦੀ ਵਪਾਰਕ ਦੂਤਘਰ ਵਿਚ ਮਾਰੇ ਗਏ ਪੱਤਰਕਾਰ ਜਮਾਲ ਖਸ਼ੇਗੀ ਦੇ ਆਖਰੀ ਸ਼ਬਦ ਸਨ ਮੈਂ ਸਾਹ ਨਹੀਂ ਲੈ ਪਾ ਰਿਹਾ। ਖ਼ਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਦੀ ਜਿੰਦਗੀ ਦੇ ਆਖਰੀ ਪਲਾਂ ਦੇ ਆਡਿਓ ਟੇਪ ਦੀ ਕਾਪੀ ਨੂੰ ਪੜ੍ਹ ਚੁੱਕੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਸ ਆਡਿਓ ਟੇਪ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਖਸ਼ੋਗੀ ਦੇ ਕਤਲ ਦੀ ਯੋਜਨਾ ਪਹਿਲਾਂ ਤੋਂ ਤਿਆਰ ਕੀਤੀ ਜਾ ਚੁੱਕੀ ਸੀ ਅਤੇ ਇਸ ਸਬੰਧ ਵਿਚ ਹਰ ਪਲ ਦੀ ਜਾਣਕਾਰੀ ਦੇਣ ਲਈ ਕਈ ਫੋਨ ਵੀ ਕੀਤੇ ਗਏ ਸਨ।
ਸੂਤਰਾਂ ਦਾ ਕਹਿਣਾ ਹੈ ਕਿ ਤੁਰਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਫੋਨ ਰਿਆਦ ਵਿਚ ਸੀਨੀਅਰ ਅਧਿਕਾਰੀਆਂ ਨੂੰ ਕੀਤੇ ਗਏ ਸਨ ਅਤੇ ਇਸ ਕਾਪੀ ਮੁਤਾਬਕ ਖਸ਼ੋਗੀ ਨੇ ਅਪਣੇ ਆਖਰੀ ਪਲਾਂ ਵਿਚ ਬਹੁਤ ਕੋਸ਼ਿਸ਼ ਕੀਤੀ ਸੀ। ਮੂਲ ਕਾਪੀ ਤੁਰਕੀ ਦੀ ਖੁਫੀਆ ਸੇਵਾ ਨੇ ਤਿਆਰ ਕੀਤੀ ਸੀ। ਇਸੇ ਦੌਰਾਨ ਸਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਤੁਰਕੀ ਦੇ ਰਾਸ਼ਟਰਪਤੀ ਰੈਸੀਪ ਤਇਇਪ ਏਰਡੋਗਨ ਵੱਲੋਂ ਖਸ਼ੋਗੀ ਦੇ ਕਤਲ ਦੇ ਸ਼ੱਕੀ ਕਾਤਲਾਂ ਦੀ ਸਪੁਰਦਗੀ ਦੀ ਮੰਗ ਨੂੰ ਖਾਰਜ ਕਰ ਦਿਤਾ। ਤੁਰਕੀ ਮੁਤਾਬਕ ਸਊਦੀ ਦੇ 15 ਮੈਂਬਰੀ ਦਲ ਨੂੰ ਖਸ਼ੋਗੀ ਦਾ ਕਤਲ ਕਰਨ ਲਈ ਇਸਤਾਂਬੁਲ ਭੇਜਿਆ ਗਿਆ ਸੀ।
ਦੱਸ ਦਈਏ ਕਿ ਤੁਰਕੀ ਦੇ ਇਕ ਸੀਨੀਅਰ ਵਕੀਲ ਨੇ ਕਿਹਾ ਸੀ ਕਿ ਇਸਤਾਂਬੁਲ ਸਥਿਤ ਸਊਦੀ ਅਰਬ ਦੇ ਵਪਾਰਕ ਦੂਤਘਰ ਵਿਚ ਪੱਤਰਕਾਰ ਜਮਾਲ ਖਸ਼ੋਗੀ ਦੇ ਦਾਖਲ ਹੁੰਦਿਆ ਸਾਰ ਹੀ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਗਿਆ ਅਤੇ ਉਹਨਾਂ ਦੀ ਲਾਸ਼ ਨੂੰ ਟਿਕਾਣੇ ਲਗਾਉਣ ਤੋਂ ਬਾਅਦ ਸਰੀਰ ਦੇ ਟੁਕੜ ਕਰ ਦਿਤੇ ਗਏ ਸਨ। ਇਸਤਾਂਬੁਲ ਦੇ ਪ੍ਰਮੁਖ ਵਕੀਲ ਇਰਫਾਨ ਫਿਦਾਨ ਦੇ ਦਫਤਰ ਵੱਲੋਂ
ਜਾਰੀ ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਸੱਚ ਦਾ ਖੁਲਾਸਾ ਕਰਨ ਦੀਆਂ ਤੁਰਕੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਊਦੀ ਦੇ ਪ੍ਰਮੁਖ ਵਕੀਲ ਅਲ-ਮੋਜੇਬ ਦੇ ਨਾਲ ਕੀਤੀ ਗੱਲਬਾਤ ਦੇ ਕੋਈ ਖਾਸ ਨਤੀਜੇ ਨਹੀਂ ਸਾਹਮਣੇ ਆਏ। ਇਹ ਬਿਆਨ ਕਿਸੇ ਤੁਰਕੀ ਅਧਿਕਾਰੀ ਵੱਲੋਂ ਕੀਤੀ ਗਈ ਪਹਿਲੀ ਜਨਤਕ ਪੁਸ਼ਟੀ ਹੈ ਕਿ ਖਸ਼ੋਗੀ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ ਅਤੇ ਉਸ ਦੇ ਸਰੀਰ ਦੇ ਟੁਕੜੇ ਕਰ ਦਿਤੇ ਗਏ ਸਨ।