ਇਹ ਕਰੋੜਪਤੀ ਅਪਣੇ Followers ਨੂੰ ਵੰਡ ਰਿਹਾ ਹੈ ਕਰੋੜਾਂ ਦੀ ਰਕਮ...

ਏਜੰਸੀ

ਖ਼ਬਰਾਂ, ਕੌਮਾਂਤਰੀ

ਜਪਾਨੀ ਕਰੋੜਪਤੀ ਯੂਸਾਕੁ ਮੈਇਜ਼ਾਵਾ ਅਪਣੇ ਟਵਿਟਰ ਫੋਲੋਅਰਜ਼ ਨੂੰ ਤਕਰੀਬਨ 65 ਕਰੋੜ ਰੁਪਏ ਦੀ ਰਕਮ ਦੇਣ ਜਾ ਰਹੇ ਹਨ।

PHOTO

ਨਵੀਂ ਦਿੱਲੀ: ਜਪਾਨੀ ਕਰੋੜਪਤੀ ਯੂਸਾਕੁ ਮੈਇਜ਼ਾਵਾ ਅਪਣੇ ਟਵਿਟਰ ਫੋਲੋਅਰਜ਼ ਨੂੰ ਤਕਰੀਬਨ 65 ਕਰੋੜ ਰੁਪਏ ਦੀ ਰਕਮ ਦੇਣ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਅਪਣੇ 1,000 ਟਵਿਟਰ ਫੋਲੋਅਰਜ਼ ਵਿਚਕਾਰ 1 ਬਿਲੀਅਨ ਯੇਨ ਯਾਨੀ ਲਗਭਗ 65 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਇਹ ਰਾਸ਼ੀ ਉਹਨਾਂ ਫੋਲੋਅਰਜ਼ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਮੈਇਜ਼ਾਵਾ ਅਪਣੇ ਸਮਾਜਕ ਪ੍ਰਯੋਗ ਲ਼ਈ ਚੁਣਨਗੇ।

ਇਸ ਪ੍ਰਯੋਗ ਦਾ ਮਕਸਦ ਇਹ ਜਾਣਨਾ ਹੈ ਕਿ ਕੀ ਪੈਸਾ ਇਨਸਾਨ ਨੂੰ ਜ਼ਿਆਦਾ ਖੁਸ਼ ਰੱਖਦਾ ਹੈ? ਇਸ ਰਾਸ਼ੀ ਨੂੰ ਹਾਸਲ ਕਰਨ ਲਈ ਲੋਕਾਂ ਨੂੰ ਬਸ ਇੰਨਾ ਹੀ ਕਰਨਾ ਸੀ ਕਿ ਉਹਨਾਂ ਨੇ 7 ਜਨਵਰੀ ਤੋਂ ਪਹਿਲਾਂ ਪਹਿਲਾਂ ਮੈਇਜ਼ਾਵਾ ਦੇ ਟਵੀਟ ਨੂੰ ਰੀਟਵੀਟ ਕਰਨਾ ਸੀ। ਮੈਇਜ਼ਾਵਾ ਦੇ 31 ਦਸੰਬਰ ਦੇ ਉਸ ਟਵੀਟ ਨੂੰ ਜਿਸ ਵਿਚ ਉਹਨਾਂ ਨੇ ਇਸ ਸੋਸ਼ਲ ਐਕਸਪੈਰੀਮੈਂਟ ਦਾ ਐਲਾਨ ਕੀਤਾ ਸੀ ਨੂੰ ਹੁਣ ਤੱਕ 40 ਲੱਖ ਤੋਂ ਜ਼ਿਆਦਾ ਲੋਕਾਂ ਨੇ ਰੀਟਵੀਟ ਕੀਤਾ ਹੈ।

ਉਹਨਾਂ ਨੇ ਇਕ ਯੂਟਿਊਬ ਵੀਡੀਓ ਵਿਚ ਦੱਸਿਆ ਕਿ ਇਸ ਪ੍ਰਯੋਗ ਵਿਚ ਇਨਾਮੀ ਰਾਸ਼ੀ ਪਾਉਣ ਵਾਲੇ 1,000 ਲੋਕਾਂ ਦੀ ਚੋਣ ਲਾਟਰੀ ਦੇ ਅਧਾਰ ‘ਤੇ ਕੀਤੀ ਜਾਵੇਗੀ। ਚੁਣੇ ਜਾਣ ਵਾਲੇ ਟਵਿਟਰ ਯੂਜ਼ਰਸ ਨੂੰ ਮੈਸੇਜ ਦੇ ਜ਼ਰੀਏ ਸੂਚਿਤ ਕੀਤਾ ਜਾਵੇਗਾ। ਦੱਸ ਦਈਏ ਕਿ ਪਿਛਲੇ ਸਾਲ ਵੀ ਕਰੋੜਪਤੀ ਮੈਇਜ਼ਾਵਾ ਨੇ ਇਸੇ ਤਰ੍ਹਾਂ ਦੇ ਪ੍ਰਯੋਗ ਵਿਚ 6.5 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਸੀ।

ਪਿਛਲੇ ਸਾਲ ਕਰੋੜਪਤੀ ਮੈਇਜ਼ਾਵਾ ਦੇ ਟਵੀਟ ਨੂੰ 50 ਲੱਖ ਤੋਂ ਜ਼ਿਆਦਾ ਰੀਟਵੀਟ ਮਿਲੇ ਸੀ। ਇਸ ਸਾਲ ਕੀਤੇ ਜਾ ਰਹੇ ਪ੍ਰਯੋਗ ਨੂੰ ਮੈਇਜ਼ਾਵਾ ਨੇ ਗੰਭੀਰ ਸਮਾਜਿਕ ਪ੍ਰਯੋਗ ਦੱਸਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ 6.5 ਲੱਖ ਰੁਪਏ ਦੀ ਰਾਸ਼ੀ ਦਾ ਇਕ ਵਿਅਕਤੀ ਦੇ ਜੀਵਨ ‘ਤੇ ਕੀ ਅਸਰ ਪੈਂਦਾ ਹੈ?

ਉਹਨਾਂ ਨੇ ਜੇਤੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੀ ਮਰਜ਼ੀ ਨਾਲ ਪੈਸਿਆਂ ਦੀ ਵਰਤੋਂ ਕਰਨ ਅਤੇ ਲਗਾਤਾਰ ਸਵਾਲਾਂ ਦੇ ਜਵਾਬ ਦਿੰਦੇ ਰਹਿਣ ਕਿ ਉਹ ਉਸ ਰਾਸ਼ੀ ਦੀ ਵਰਤੋਂ ਕਿਸ ਤਰ੍ਹਾਂ ਕਰ ਰਹੇ ਹਨ। ਇਸ ਪ੍ਰਯੋਗ ਵਿਚ ਮੈਇਜ਼ਾਵਾ ਨੇ ਸਮਾਜਿਕ ਵਿਗਿਆਨਕਾਂ ਦੀ ਵੀ ਮਦਦ ਲਈ ਹੈ।