'ਪਾਕਿ ਪਾਇਲਟਾਂ ਨੇ ਨਹੀਂ ਲਈ ਰਾਫ਼ੇਲ ਉਡਾਉਣ ਦੀ ਸਿਖਲਾਈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫ਼ਰਾਂਸ ਨੇ ਪਾਕਿਸਤਾਨੀ ਪਾਇਲਟਾਂ ਨੂੰ ਰਾਫ਼ੇਲ ਉਡਾਉਣ ਦੀ ਸਿਖਲਾਈ ਦੇਣ ਦੀਆਂ ਖ਼ਬਰਾਂ ਨੂੰ ਫ਼ਰਜ਼ੀ ਦਸਿਆ

Rafale Jets

ਨਵੀਂ ਦਿੱਲੀ : ਫ਼ਰਾਂਸ ਦੇ ਸਫ਼ੀਰ ਏਲੈਗਜ਼ੈਂਡਰ ਜੀਗਲਰ ਨੇ ਅਜਿਹੀਆਂ ਖ਼ਬਰਾਂ ਨੂੰ ਫ਼ਰਜੀ ਕਰਾਰ ਦਿਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨੀ ਪਾਇਲਟਾਂ ਦੇ ਇਕ ਜਥੇ ਨੂੰ ਰਾਫ਼ੇਲ ਲੜਾਕੂ ਜੈਟ ਜਹਾਜ਼ਾਂ ਨੂੰ ਉਡਾਣ ਦੀ ਸਿਖਲਾਈ ਦਿਤੀ ਗਈ ਸੀ। ਉਨ੍ਹਾਂ ਇਸ ਖ਼ਬਰ ਨੂੰ ਵੀ ਫ਼ਰਜ਼ੀ ਕਰਾਰ ਦਿਤਾ ਕਿ ਪਾਕਿ ਪਾਇਲਟਾਂ ਨੇ ਕਤਰ ਹਵਾਈ ਫ਼ੌਜ ਵਲੋਂ ਖ਼ਰੀਦੇ ਜਾ ਰਹੇ ਰਾਫ਼ੇਲ ਲੜਾਕੂ ਜਹਾਜ਼ 'ਤੇ ਇਹ ਸਿਖਲਾਈ ਲਈ। 

ਅਮਰੀਕੀ ਹਵਾਬਾਜ਼ੀ ਉਦਯੋਗ ਦੀ ਵੈੱਬਸਾਈਟ ਏਆਈਐਨ ਆਨਲਾਈਨ ਨੇ ਖ਼ਬਰ ਦਿਤੀ ਸੀ ਕਿ ਨਵੰਬਰ 2017 ਵਿਚ ਕਤਰ ਨਾਲ ਜੁੜੇ ਰਾਫ਼ੇਲ ਲੜਾਕੂ ਜੈਟ ਜਹਾਜ਼ਾਂ 'ਤੇ ਪਾਇਲਟਾਂ ਦੇ ਜਿਸ ਪਹਿਲੇ ਜਥੇ ਨੂੰ ਸਿਖਲਾਈ ਦਿਤੀ ਗਈ ਸੀ ਉਹ ਪਿਕਸਤਾਨ ਦੇ ਅਧਿਕਾਰੀ ਸਨ। ਜੀਗਲਰ ਨੇ ਟਵੀਟ ਕੀਤਾ ਕਿ ਉਹ ਇਸ ਗੱਲ ਦੀ ਪੂਰੀ ਤਰ੍ਹਾਂ ਪੁਸ਼ਟੀ ਕਰ ਸਕਦੇ ਹਨ ਕਿ ਇਹ ਖ਼ਬਰਾਂ ਫ਼ਰਜ਼ੀ ਹਨ। ਫ਼ਰਾਂਸ ਦੇ ਸਫ਼ੀਰ ਨੇ ਦਸਿਆ ਕਿ ਪਾਕਿਸਤਾਨ ਦੇ ਕਿਸੇ ਵੀ ਪਾਇਲਟ ਨੂੰ ਫ਼ਰਾਂਸ ਵਿਚ ਰਾਫ਼ੇਲ ਜੈਟ ਉਡਾਉਣ ਦੀ ਸਿਖਲਾਈ ਨਹੀਂ ਦਿਤੀ ਗਈ।

ਅਮਰੀਕੀ ਵੈੱਬਸਾਈਟ ਦੀ ਇਸ ਖ਼ਬਰ ਨਾਲ ਭਾਰਤੀ ਫ਼ੌਜ ਚਿੰਤਾ ਵਿਚ ਆ ਗਈ ਸੀ। ਇਹ ਖ਼ਬਰ ਉਸ ਸਮੇਂ ਸਾਹਮਣੇ ਆਈ ਹੈ ਜਦ ਫ਼ਰਾਂਸ ਤੋਂ ਮੋਦੀ ਸਰਕਾਰ ਵਲੀ ਰਾਫ਼ੇਲ ਜੈਟ ਜਹਾਜ਼ਾਂ ਦੀ ਖ਼ਰੀਦ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ। ਭਾਰਤ 58 ਹਜ਼ਾਰ ਕਰੋੜ ਰੁਪਏ ਵਿਚ ਫ਼ਰਾਂਸ ਤੋਂ 36 ਰਾਫ਼ੇਲ ਲੜਾਕੂ ਜਹਾਜ਼ ਖ਼ਰੀਦ ਰਿਹਾ ਹੈ। ਕਾਂਗਰਸ ਇਸ ਸੌਦੇ ਵਿਚ ਵੱਡੇ ਪੱਧਰ 'ਤੇ ਘਪਲਾ ਹੋਣ ਦਾ ਦੋਸ਼ ਲਗਾ ਰਹੀ ਹੈ ਜਦਕਿ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੀ ਆ ਰਹੀ ਹੈ।