1 ਅਪ੍ਰੈਲ ਤੋਂ ਜਹਾਜ਼ ਨਹੀਂ ਉਡਾਉਣਗੇ ਜੈਟ ਏਅਰਵੇਜ਼ ਦੇ ਪਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਿੱਜੀ ਜਹਾਜ਼ ਕੰਪਨੀ ਜੈਟ ਏਅਰਵੇਜ਼ ਦੇ ਇਕ ਹਜ਼ਾਰ ਤੋਂ ਜ਼ਿਆਦਾ ਪਾਇਲਟਾਂ ਨੇ ਇਕ ਅਪ੍ਰੈਲ ਤੋਂ ਜਹਾਜ਼ ਨਾ ਉਡਾਉਣ ਦੇ ਆਪਣੇ ਫੈਸਲੇ ‘ਤੇ ਡਟੇ ਰਹਿਣ ਦਾ ਫੈਸਲਾ ਕੀਤਾ ਹੈ।

Jet Airways

ਮੁੰਬਈ: ਸੰਕਟ ਵਿਚ ਫਸੀ ਨਿੱਜੀ ਜਹਾਜ਼ ਕੰਪਨੀ ਜੇਟ ਏਅਰਵੇਜ਼ ਦੇ ਇਕ ਹਜ਼ਾਰ ਤੋਂ ਜ਼ਿਆਦਾ ਪਾਇਲਟਾਂ ਨੇ ਇਕ ਅਪ੍ਰੈਲ ਤੋਂ ਜਹਾਜ਼ ਨਾ ਉਡਾਉਣ ਦੇ ਆਪਣੇ ਫੈਸਲੇ ‘ਤੇ ਡਟੇ ਰਹਿਣ ਦਾ ਫੈਸਲਾ ਕੀਤਾ ਹੈ। ਪਾਇਲਟਾਂ ਨੇ ਇਹ ਫੈਸਲਾ ਉਸ ਸਮੇਂ ਲਿਆ ਜਦੋਂ ਏਅਰਲਾਈਨਜ਼ ਸ਼ੁੱਕਰਵਾਰ ਨੂੰ ਬੈਂਕਾਂ ਤੋਂ ਪੈਸੇ ਲੈਣ ਵਿਚ ਨਾਕਾਮ ਰਹੀ।

ਜੈਟ ਏਅਰਵੇਜ਼ ਦੇ ਕਰੀਬ 1100 ਪਾਇਲਟਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੇ ਸੰਗਠਨ ‘ਨੇਸ਼ਨਲ ਏਵੀਏਟਰਸ ਗਿਲਡ’ ਨੇ ਪਿਛਲੇ ਹਫਤੇ ਘੋਸ਼ਣਾ ਕੀਤੀ ਸੀ ਕਿ ਜੇਕਰ ਉਹਨਾਂ ਦੀ ਬਕਾਇਆ ਤਨਖਾਹ ਦਾ ਭੁਗਤਾਨ ਨਾ ਕੀਤਾ ਗਿਆ ਅਤੇ 31 ਮਾਰਚ ਤੱਕ ਪੂਨਰਜੀਵਨ ਯੋਜਨਾ ‘ਤੇ ਸਥਿਤੀ ਸਪਸ਼ਟ ਨਹੀਂ ਕੀਤੀ ਜਾਂਦੀ ਤਾਂ ਉਹ ਇਕ ਅਪ੍ਰੈਲ ਤੋਂ ਜਹਾਜ਼ ਨਹੀਂ ਉਡਾਉਣਗੇ।

ਇਸ ਤੋਂ ਕੁਝ ਦਿਨ ਬਾਅਦ ਕਰਜ਼ਾ ਰਹਿਤ ਸਕੀਮ ਦੇ ਤਹਿਤ ਏਅਰਲਾਈਨ ਪ੍ਰਬੰਧਕ ਐਸਬੀਆਈ ਬੈਂਕ ਦੀ ਅਗਵਾਈ ਵਾਲੇ ਬੈਂਕ ਯੂਨੀਅਨ ਦੇ ਹੱਥਾਂ ਵਿਚ ਚਲਾ ਗਿਆ ਸੀ। ਸੂਤਰਾਂ ਅਨੁਸਾਰ ਇਸਤੋਂ ਪਹਿਲਾਂ ਸੰਕਟ ਨਾਲ ਜੂਝ ਰਹੀ ਕੰਪਨੀ ਜੈਟ ਏਅਰਵੇਜ਼ ਦੇ ਕਰੀਬ 200 ਪਾਇਲਟਾਂ ਨੇ ਤਨਖਾਹ ਨਾ ਮਿਲਣ ਦੇ ਕਾਰਣ ਮੁੱਖ ਕਾਰਜਕਾਰੀ ਅਧਿਕਾਰੀ (CEO) ਵਿਨੈ ਦੂਬੇ ਨੂੰ ਚਿੱਠੀ ਲਿਖ ਕੇ ਛੁੱਟੀ ‘ਤੇ ਜਾਣ ਅਤੇ ਕਾਨੂੰਨੀ ਕਦਮ ਚੁੱਕਣ ਦੀ ਚੇਤਾਵਨੀ ਦਿੱਤੀ ਹੈ।

ਪਾਇਲਟਾਂ ਦੇ ਸਮੂਹ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਕਰੀਬ 200 ਪਾਇਲਟਾਂ ਨੇ ਤਨਖਾਹ ਨਾ ਮਿਲਣ ਕਾਰਨ ਚੇਤਾਵਨੀ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਪਾਇਲਟ ਨੈਸ਼ਨਲ ਏਵੀਏਟਰਸ ਗਿਲਡ ਦੇ ਵੀ ਮੈਂਬਰ ਹਨ। ਗਿਲਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੁਝ ਪਾਇਲਟਾਂ ਨੇ ਵਿਅਕਤੀਗਤ ਤੌਰ ‘ਤੇ ਸੀਈਓ ਨੂੰ ਪੱਤਰ ਲਿਖਿਆ ਹੈ।