ਭਾਰਤ ਦੀ ਮਦਦ ਲਈ ਅੱਗੇ ਆਇਆ Twitter, ਕੋਵਿਡ ਰਾਹਤ ਕਾਰਜਾਂ ਲਈ ਦਾਨ ਕੀਤੇ 1.5 ਕਰੋੜ ਡਾਲਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੁਨੀਆਂ ਭਰ ਦੀਆਂ ਵੱਡੀਆਂ ਕੰਪਨੀਆਂ ਭਾਰਤ ਦੀ ਮਦਦ ਲਈ ਅੱਗੇ ਆ ਰਹੀਆਂ ਹਨ।

Twitter donates 15 million dollar for COVID-19 relief work in India

ਵਾਸ਼ਿੰਗਟਨ:  ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੁਨੀਆਂ ਭਰ ਦੀਆਂ ਵੱਡੀਆਂ ਕੰਪਨੀਆਂ ਭਾਰਤ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਦੌਰਾਨ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਵੱਲੋਂ ਭਾਰਤ ਵਿਚ ਕੋਵਿਡ 19 ਰਾਹਤ ਕਾਰਜਾਂ ਲਈ 1.5 ਕਰੋੜ ਡਾਲਰ ਦੀ ਮਦਦ ਕੀਤੀ ਗਈ ਹੈ। ਦੱਸ ਦਈਏ ਕਿ ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਭਿਆਨਕ ਲਹਿਰ ਨਾਲ ਜੂਝ ਰਿਹਾ ਹੈ।  

ਟਵਿਟਰ ਦੇ ਸੀਈਓ ਜੈਕ ਪੈਟ੍ਰਿਕ ਡੋਰਸੀ ਨੇ ਟਵੀਟ ਕਰਦਿਆਂ ਦੱਸਿਆ ਕਿ ਇਹ ਰਕਮ ਤਿੰਨ ਗੈਰ-ਸਰਕਾਰੀ ਸੰਗਠਨਾਂ- ਕੇਅਰ, ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂਐਸਏ ਨੂੰ ਦਾਨ ਕੀਤੀ ਗਈ ਹੈ। ਕੇਅਰ ਨੂੰ ਇਕ ਕਰੋੜ ਡਾਲਰ ਦਿੱਤੇ ਗਏ ਜਦਕਿ ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂਐਸਏ ਨੂੰ 25-25 ਲੱਖ ਡਾਲਰ ਦਿੱਤੇ ਗਏ।

ਟਵਿਟਰ ਨੇ ਇਕ ਬਿਆਨ ਵਿਚ ਕਿਹਾ, ‘ਸੇਵਾ ਇੰਟਰਨੈਸ਼ਨਲ ਇਕ ਹਿੰਦੂ ਆਸਥਾ ਆਧਾਰਿਤ ਮਨੁੱਖੀ ਅਤੇ ਗੈਰ-ਲਾਭਕਾਰੀ ਸੇਵਾ ਸੰਗਠਨ ਹੈ। ਇਸ ਗ੍ਰਾਂਟ ਨਾਲ ਸੇਵਾ ਇੰਟਰਨੈਸ਼ਨਲ ਦੀ ‘ਹੈਲਪ ਇੰਡੀਆ ਡਿਫੀਟ ਕੋਵਿਡ-19’ ਮੁਹਿੰਮ ਤਹਿਤ ਆਸਕਸੀਜਨ ਕੰਸਨਟ੍ਰੇਟਰ, ਵੈਂਟੀਲੇਟਰ, ਬਾਈਪੈਪ (ਬਾਈਲੈਵਲ ਪਾਜ਼ੇਟਿਵ ਏਅਰਵੇ ਪ੍ਰੈਸ਼ਰ) ਮਸ਼ੀਨਾਂ ਆਦਿ ਜੀਵਨ ਰੱਖਿਅਕ ਉਪਕਰਨਾਂ ਨੂੰ ਖ਼ਰੀਦਿਆ ਜਾਵੇਗਾ।’

ਇਹ ਵੀ ਕਿਹਾ ਗਿਆ ਕਿ ਇਹ ਉਪਕਰਨ ਸਰਕਾਰੀ ਹਸਪਤਾਲਾਂ ਅਤੇ ਕੋਵਿਡ-19 ਦੇਖਭਾਲ ਕੇਂਦਰਾਂ ਅਤੇ ਹਸਪਤਾਲਾਂ ਵਿਚ ਵੰਡੇ ਜਾਣਗੇ। ਟਵਿਟਰ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਸੇਵਾ ਇੰਟਰਨੈਸ਼ਨਲ ਯੂਐਸਏ ਨੇ ਇਸ ਦਾਨ ਲਈ ਟਵਿਟਰ ਦਾ ਧੰਨਵਾਦ ਕੀਤਾ।