Canada News: ਕੈਨੇਡਾ ਦਾ ਇਕ ਹੋਰ ਦੋਸ਼, ਕਿਹਾ - ਭਾਰਤ ਨੇ ਕੀਤੀ ਸਾਡੀ ਜਾਸੂਸੀ
ਏਜੰਸੀ ਨੇ ਇਹ ਪ੍ਰਗਟਾਵਾ ਇਕ ਜਨਤਕ ਰਿਪੋਰਟ ’ਚ ਕੀਤਾ ਹੈ।
Canada News: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਾਉਣ ਵਾਲੇ ਕੈਨੇਡਾ ਨੇ ਹੁਣ ਇਕ ਹੋਰ ਦੋਸ਼ ਲਾ ਦਿੱਤਾ ਹੈ। ਜਾਸੂਸੀ ਕਰਨ ਵਾਲੀ ਕੈਨੇਡੀਅਨ ਏਜੰਸੀ ਸੀਐਸਆਈਐਸ ਨੇ ਕਿਹਾ ਹੈ ਕਿ ‘ਭਾਰਤ ਉਸ ਦੀ ਜਾਸੂਸੀ ਕਰਵਾਉਂਦਾ ਰਿਹਾ ਹੈ।’ ਏਜੰਸੀ ਨੇ ਇਹ ਪ੍ਰਗਟਾਵਾ ਇਕ ਜਨਤਕ ਰਿਪੋਰਟ ’ਚ ਕੀਤਾ ਹੈ।
ਇਸ ਰਿਪੋਰਟ ’ਚ ਭਾਰਤ ਤੋਂ ਇਲਾਵਾ ਚੀਨ, ਰੂਸ ਤੇ ਈਰਾਨ ’ਤੇ ਵੀ ਵੱਡੇ ਦੋਸ਼ ਲਾਏ ਗਏ ਹਨ। ਉਸ ਦਾ ਕਹਿਣਾ ਹੈ ਕਿ ‘ਇਨ੍ਹਾਂ ਦੇਸ਼ਾਂ ਨੇ ਕੈਨੇਡਾ ਸਮੇਤ ਹੋਰ ਪੱਛਮੀ ਦੇਸ਼ਾਂ ’ਚ ਦਖ਼ਲ ਦੇਣ ਅਤੇ ਜਾਸੂਸੀ ਜਿਹੇ ਪ੍ਰਮੁਖ ਅਪਰਾਧ ਕੀਤੇ ਹਨ।’ ਰਿਪੋਰਟ ਅਨੁਸਾਰ - ‘‘ਸਾਲ 2023 ਦੌਰਾਨ ਇਹ ਦੇਸ਼ ਤੇ ਉਨ੍ਹਾਂ ਦੀਆਂ ਖ਼ੁਫ਼ੀਆ ਏਜੰਸੀਆਂ ਆਪਣੇ ਉਦੇਸ਼ਾਂ ਤੇ ਹਿਤਾਂ ਨੂੰ ਅੱਗੇ ਵਧਾਉਣ ਲਈ ਵਖੋ-ਵਖਰੀ ਤਰ੍ਹਾਂ ਦੇ ਵਿਦੇਸ਼ੀ ਦਖ਼ਲ ਤੇ ਜਾਸੂਸੀ ਗਤੀਵਿਧੀਆਂ ’ਚ ਸ਼ਾਮਲ ਰਹੀਆਂ।’’
ਕੈਨੇਡੀਅਨ ਜਾਸੂਸੀ ਏਜੰਸੀ ਦੀ ਰਿਪੋਰਟ ’ਚ ਕੈਨੇਡਾ-ਭਾਰਤ ਸਬੰਧਾਂ ’ਚ ਗਿਰਾਵਟ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ਾਂ ਦੇ ਸਬੰਧ ਖ਼ਰਾਬ ਹੋਣ ਤੋਂ ਬਾਅਦ ਭਾਰਤ ਦੇ ਹਮਾਇਤੀ ਲੋਕਾਂ ਵਲੋਂ ਕੈਨੇਡਾ ਖ਼ਿਲਾਫ਼ ਸਾਈਬਰ ਗਤੀਵਿਧੀਆਂ ਨੂੰ ਅੰਜਾਮ ਦਿਤਾ। ਭਾਵੇਂ ਰਿਪੋਰਟ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਦੀ ਉਨ੍ਹਾਂ ’ਚ ਕੋਈ ਭੂਮਿਕਾ ਨਹੀਂ ਸੀ।
ਇਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਸਤੰਬਰ ’ਚ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਲੇ ਦੁਵੱਲੇ ਸਬੰਧਾਂ ਵਿੱਚ ਗੰਭੀਰ ਕਿਸਮ ਦਾ ਤਣਾਅ ਆ ਗਿਆ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਉਨ੍ਹਾਂ ਨੂੰ ਮੁਢੋਂ ਰੱਦ ਕਰ ਦਿਤਾ ਸੀ। ਪਿਛਲੇ ਹਫ਼ਤੇ ਕੈਨੇਡਾ ਦੇ ਅਧਿਕਾਰੀਆਂ ਨੇ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।