17 ਦਿਨਾਂ 'ਚ 'ਆਨਲਾਈਨ ਭੀਖ' ਮੰਗ ਕਮਾ ਲਏ 35 ਲੱਖ ਰੁਪਏ
ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਯੂਰਪ ਦੀ ਇਕ ਮਹਿਲਾ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ਜ਼ਰੀਏ 17 ਦਿਨਾਂ ਵਿਚ ਲੋਕਾਂ ਤੋਂ 50,000 ਡਾਲਰ
ਦੁਬਈ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਯੂਰਪ ਦੀ ਇਕ ਮਹਿਲਾ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ਜ਼ਰੀਏ 17 ਦਿਨਾਂ ਵਿਚ ਲੋਕਾਂ ਤੋਂ 50,000 ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਮੀਡੀਆ ਖਬਰਾਂ ਮੁਤਾਬਕ ਖੁਦ ਨੂੰ ਤਲਾਕਸ਼ੁਦਾ ਦੱਸ ਕੇ ਇਹ ਮਹਿਲਾ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਨਾਮ 'ਤੇ ਲਈ ਰਾਸ਼ੀ ਇਕੱਠੀ ਕਰਨ ਭੀਖ ਮੰਗਦੀ ਸੀ।
ਦੁਬਈ ਪੁਲਿਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਮਹਿਲਾ ਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਜ਼ਰੀਏ ਕਈ ਲੋਕਾਂ ਨੂੰ ਠੱਗਣ ਅਤੇ ਸਿਰਫ 17 ਦਿਨਾਂ ਵਿਚ ਇੰਨੀ ਰਾਸ਼ੀ ਇਕੱਠੀ ਕਰ ਲੈਣ 'ਤੇ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਦੁਬਈ ਪੁਲਿਸ ਨੇ ਮਹਿਲਾ ਦੀ ਨਾਗਰਿਕਤਾ ਜਾਂ ਉਮਰ ਦਾ ਖੁਲਾਸਾ ਨਹੀਂ ਕੀਤਾ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਦੁਬਈ ਪੁਲਿਸ ਦੇ ਅਪਰਾਧ ਜਾਂਚ ਵਿਭਾਗ ਦੇ ਨਿਦੇਸ਼ਕ ਬ੍ਰਿਗੇਡੀਅਰ ਜਮਾਲ ਅਲ ਸਲੇਮ ਅਲ ਜੱਲਾਫ ਨੇ ਦੱਸਿਆ ਕਿ ਮਹਿਲਾ ਨੇ ਆਨਲਾਈਨ ਅਕਾਊਂਟ ਬਣਾਏ ਅਤੇ ਬੱਚਿਆਂ ਦੀਆਂ ਤਸਵੀਰਾਂ ਪੋਸਟ ਕਰ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਦੇ ਨਾਮ 'ਤੇ ਮਦਦ ਦੀ ਮੰਗ ਕੀਤੀ।ਬ੍ਰਿਗੇਡੀਅਰ ਅਲ ਜੱਲਾਫ ਨੇ ਕਿਹਾ ਉਹ ਲੋਕਾਂ ਨੂੰ ਕਹਿੰਦੀ ਸੀ ਕਿ ਉਹ ਤਲਾਕਸ਼ੁਦਾ ਹੈ ਅਤੇ ਆਪਣੇ ਬੱਚਿਆਂ ਨੂੰ ਖੁਦ ਹੀ ਪਾਲ ਰਹੀ ਹੈ।
ਫਿਰ ਔਰਤ ਦੇ ਸਾਬਕਾ ਪਤੀ ਨੇ ਈ-ਅਪਰਾਧ ਮੰਚ 'ਤੇ ਉਸ ਦੀ ਸ਼ਿਕਾਇਤ ਕੀਤੀ ਅਤੇ ਸਾਬਤ ਕੀਤਾ ਕਿ ਬੱਚੇ ਉਸ ਦੇ ਨਾਲ ਰਹਿੰਦੇ ਹਨ। ਬ੍ਰਿਗੇਡੀਅਰ ਅਲ ਜੱਲਾਫ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਜਾਂ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਨਾਲ ਮਦਦ ਮੰਗਣ ਵਾਲਿਆਂ ਪ੍ਰਤੀ ਹਮਦਰਦੀ ਨਾ ਦਿਖਾਉਣ। ਉਂਝ ਵੀ ਸੰਯੁਕਤ ਅਰਬ ਅਮੀਰਾਤ ਵਿਚ ਆਨਲਾਈਨ ਭੀਖ ਮੰਗਣਾ ਅਪਰਾਧ ਹੈ। ਇਸ ਅਪਰਾਧ ਲਈ ਦੋਸ਼ੀ ਨੂੰ ਜੇਲ ਦੇ ਨਾਲ-ਨਾਲ ਜੁਰਮਾਨਾ ਵੀ ਭਰਨਾ ਪੈਂਦਾ ਹੈ। ਬੀਤੇ ਰਮਜ਼ਾਨ ਵਿਚ ਇਸ ਤਰ੍ਹਾਂ ਦੇ ਮਾਮਲਿਆਂ ਵਿਚ 128 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।