ਪਾਕਿ : ਆਪਸ 'ਚ ਭਿੜੀਆਂ ਰੇਲ ਗੱਡੀਆਂ,14 ਲੋਕਾਂ ਦੀ ਮੌਤ ਤੇ 79 ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਵੱਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀ

14 killed, 79 injured after trains collide in Pakistan

ਲਾਹੌਰ : ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿਚ ਵੀਰਵਾਰ ਨੂੰ ਇਕ ਤੇਜ਼ ਗਤੀ ਵਾਲੀ ਯਾਤਰੀ ਟਰੇਨ ਦੀ ਮਾਲ ਗੱਡੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 79 ਹੋਰ ਜ਼ਖ਼ਮੀ ਹੋ ਗਏ। ਮੀਡੀਆ ਰੀਪੋਰਟਾਂ ਵਿਚ ਇਹ ਜਾਣਕਾਰੀ ਦਿਤੀ ਗਈ। ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਕਵੇਟਾ ਆਧਾਰਤ ਅਕਬਰ ਐਕਸਪ੍ਰੈੱਸ ਪੰਜਾਬ ਸੂਬੇ ਦੀ ਸਾਦਿਕਾਬਾਦ ਤਹਿਸੀਲ ਦੇ ਵਲਹਾਰ ਰੇਲਵੇ ਸਟੇਸ਼ਨ 'ਤੇ ਸਥਿਤ ਮਾਲ ਗੱਡੀ ਨਾਲ ਟਕਰਾ ਗਈ। ਮਾਲ ਗੱਡੀ ਲੂਪ ਲਾਈਨ 'ਤੇ ਖੜ੍ਹੀ ਸੀ ਜਦੋਂ ਮੇਨ ਲਾਈਨ 'ਤੇ ਚੱਲਣ ਦੀ ਬਜਾਏ ਤੇਜ਼ ਰਫ਼ਤਾਰ ਵਾਲੀ ਪੈਸੇਂਜਰ ਟਰੇਨ ਗਲਤ ਟਰੈਕ 'ਤੇ ਚਲੀ ਗਈ।

ਜ਼ਿਲ੍ਹਾ ਪੁਲਿਸ ਅਫ਼ਸਰ (ਡੀ.ਪੀ.ਓ.) ਰਹੀਮ ਯਾਰ ਖਾਨ ਉਮਰ ਸਲਾਮਤ ਨੇ ਕਿਹਾ ਕਿ ਮ੍ਰਿਤਕਾਂ ਵਿਚ ਇਕ ਮਹਿਲਾ ਅਤੇ 8 ਮਰਦ ਸ਼ਾਮਲ ਹਨ ਜਦਕਿ ਜ਼ਖ਼ਮੀਆਂ ਵਿਚ 9 ਔਰਤਾਂ ਅਤੇ 11 ਬੱਚੇ ਸ਼ਾਮਲ ਹਨ। ਜ਼ਖਮੀਆਂ ਨੂੰ ਇਲਾਜ ਲਈ ਸਾਦਿਕਾਬਾਦ ਅਤੇ ਰਹੀਮ ਯਾਰ ਖਾਨ ਦੇ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਕ ਸਮਾਚਾਰ ਏਜੰਸੀ ਨੇ ਦਸਿਆ ਕਿ ਤੇਜ਼ ਰਫ਼ਤਾਰ ਵਾਲੀ ਅਕਬਰ ਐਕਸਪ੍ਰੈੱਸ ਦੇ ਮਾਲਗੱਡੀ ਨਾਲ ਟਕਰਾ ਜਾਣ ਨਾਲ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖ਼ਮੀ ਹੋ ਗਏ। 

ਜਾਣਕਾਰੀ ਮੁਤਾਬਕ ਇਕ ਬੱਚੇ ਅਤੇ ਵਿਅਕਤੀ ਨੂੰ ਟਰੇਨ ਵਿਚੋਂ ਬਚਾਇਆ ਗਿਆ ਹੈ। ਪੁਲਿਸ ਨੇ ਦਸਿਆ ਕਿ ਹਾਦਸੇ ਵਿਚ ਅਕਬਰ ਐਕਸਪ੍ਰੈੱਸ ਦਾ ਇੰਜਣ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਜਦਕਿ 3 ਬੋਗੀਆਂ ਨੁਕਸਾਨੀਆਂ ਗਈਆਂ। ਡੀ.ਪੀ.ਓ. ਨੇ ਕਿਹਾ ਕਿ ਬਚਾਅ ਮੁਹਿੰਮ ਜਾਰੀ ਹੈ ਅਤੇ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਸਾਈਟ 'ਤੇ ਹਾਈਡ੍ਰੋਲਿਕ ਕਟਰ ਬੁਲਾਏ ਗਏ ਹਨ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। 

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਰੇਲ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਇਮਰਾਨ ਖਾਨ ਨੇ ਅਪਣੇ ਇਕ ਟਵੀਟ ਵਿਚ ਕਿਹਾ ਕਿ ਉਨ੍ਹਾਂ ਨੇ ਰੇਲ ਮੰਤਰੀ ਨੂੰ ਸੁਰੱਖਿਆ ਦੇ ਮਿਆਰ ਨੂੰ ਯਕੀਨੀ ਬਣਾਉਣ ਅਤੇ ਐਮਰਜੈਂਸੀ ਕਦਮ ਚੁੱਕਣ ਲਈ ਕਿਹਾ ਹੈ। ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਵੀ ਹਾਦਸੇ ਵਿਚ ਮ੍ਰਿਤਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਵਾਰਾਂ ਲਈ 15 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ।