ਭਾਰਤ ’ਚ ਪਿਛਲੇ 15 ਸਾਲਾਂ ਦੌਰਾਨ 41.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ: ਸੰਯੁਕਤ ਰਾਸ਼ਟਰ ਦੀ ਰੀਪੋਰਟ
25 ਦੇਸ਼ਾਂ ਨੇ ਪਿਛਲੇ 15 ਸਾਲਾਂ ਵਿਚ ਅਪਣੇ ਗਲੋਬਲ ਐਮ.ਪੀ.ਆਈ. ਮੁੱਲ ਨੂੰ ਸਫਲਤਾਪੂਰਵਕ ਅੱਧਾ ਕੀਤਾ
ਸੰਯੁਕਤ ਰਾਸ਼ਟਰ: ਭਾਰਤ ਵਿਚ 2005-06 ਤੋਂ 2019-2021 ਦੌਰਾਨ ਸਿਰਫ 15 ਸਾਲਾਂ ’ਚ 41.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਮੰਗਲਵਾਰ ਨੂੰ ਜਾਰੀ ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ। ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਅਤੇ ਆਕਸਫੋਰਡ ਯੂਨੀਵਰਸਿਟੀ ’ਚ ਆਕਸਫੋਰਡ ਗਰੀਬੀ ਅਤੇ ਮਨੁੱਖੀ ਵਿਕਾਸ ਪਹਿਲ (ਓ.ਪੀ.ਐਚ.ਆਈ.) ਵਲੋਂ ਜਾਰੀ ਗਲੋਬਲ ਬਹੁਦਿਸ਼ਾਈ ਗ਼ਰੀਬੀ ਸੂਚਕ ਅੰਕ (ਐਮ.ਪੀ.ਆਈ.) ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਦੁਨੀਆਂ ਦੇ ਸਭ ਤੋਂ ਵਧ ਆਬਾਦੀ ਵਾਲੇ ਦੇਸ਼ (ਭਾਰਤ) ਨੇ ਗਰੀਬੀ ਦੂਰ ਕਰਨ ਦੇ ਮੋਰਚੇ ’ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਮੇਤ ਦੁਨੀਆਂ ਦੇ 25 ਦੇਸ਼ਾਂ ਨੇ ਪਿਛਲੇ 15 ਸਾਲਾਂ ਵਿਚ ਅਪਣੇ ਗਲੋਬਲ ਐਮ.ਪੀ.ਆਈ. ਮੁੱਲ ਨੂੰ ਸਫਲਤਾਪੂਰਵਕ ਅੱਧਾ ਕਰ ਲਿਆ ਹੈ। ਇਹ ਇਨ੍ਹਾਂ ਦੇਸ਼ਾਂ ਵਿਚ ਹੋਈ ਤਰੱਕੀ ਨੂੰ ਦਰਸਾਉਂਦਾ ਹੈ। ਇਨ੍ਹਾਂ ਦੇਸ਼ਾਂ ਵਿਚ ਕੰਬੋਡੀਆ, ਚੀਨ, ਕਾਂਗੋ, ਹੋਂਡੂਰਾਸ, ਭਾਰਤ, ਇੰਡੋਨੇਸ਼ੀਆ, ਮੋਰੋਕੋ, ਸਰਬੀਆ ਅਤੇ ਵੀਅਤਨਾਮ ਸ਼ਾਮਲ ਹਨ।
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਭਾਰਤ ਅਪ੍ਰੈਲ ’ਚ 142.86 ਕਰੋੜ ਲੋਕਾਂ ਦੇ ਨਾਲ ਆਬਾਦੀ ਦੇ ਮਾਮਲੇ ’ਚ ਚੀਨ ਨੂੰ ਪਛਾੜ ਗਿਆ। ਹੁਣ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਰੀਪੋਰਟ ’ਚ ਕਿਹਾ ਗਿਆ ਹੈ, ‘‘ਖਾਸ ਤੌਰ ’ਤੇ ਭਾਰਤ ਨੇ ਗਰੀਬੀ ਹਟਾਉਣ ਦੇ ਮੋਰਚੇ ’ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਸਿਰਫ 15 ਸਾਲਾਂ ਵਿਚ 41.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ।’’
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਗਰੀਬੀ ਵਿਚ ਕਮੀ ਸੰਭਵ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਵਿਆਪਕ ਅੰਕੜਿਆਂ ਦੀ ਘਾਟ ਕਾਰਨ ਤਤਕਾਲੀ ਸੰਭਾਵਨਾਵਾਂ ਦਾ ਮੁਲਾਂਕਣ ਕਰਨਾ ਮੁਸ਼ਕਲ ਹੈ। ਭਾਰਤ ਵਿਚ 2005-06 ਤੋਂ 2019-21 ਤਕ 41.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। 2005-06 ਵਿਚ ਭਾਰਤ ਵਿਚ ਲਗਭਗ 64.5 ਕਰੋੜ ਲੋਕ ਗਰੀਬੀ ਵਿਚ ਸਨ। 2015-16 ਵਿਚ ਇਹ ਗਿਣਤੀ ਘਟ ਕੇ 37 ਕਰੋੜ ਅਤੇ 2019-21 ਵਿਚ ਘਟ ਕੇ 23 ਕਰੋੜ ਰਹਿ ਗਈ।
ਇਹ ਵੀ ਪੜ੍ਹੋ: 'ਟਾਈਮ ਕੈਪਸੂਲ' 'ਚ ਸ਼ਾਮਲ ਹੋਇਆ ਗੁਰਦਾਸਪੁਰ ਦੀ ਅਰਾਧਿਆ ਸ਼ਰਮਾ ਵਲੋਂ ਲਿਖਿਆ ਪੱਤਰ
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਪੋਸ਼ਣ ਸੰਕੇਤਕਾਂ ਦੇ ਆਧਾਰ ’ਤੇ ਗਰੀਬੀ ਅਤੇ ਸਾਧਨਹੀਣ ਲੋਕਾਂ ਦੀ ਗਿਣਤੀ 2005-06 ਵਿਚ 44.3 ਫੀ ਸਦੀ ਤੋਂ ਘਟ ਕੇ 2019-21 ਵਿਚ 11.8 ਫੀ ਸਦੀ ਰਹਿ ਗਈ ਹੈ। ਇਸ ਦੌਰਾਨ ਬਾਲ ਮੌਤ ਦਰ ਵੀ 4.5 ਫੀ ਸਦੀ ਤੋਂ ਘਟ ਕੇ 1.5 ਫੀ ਸਦੀ ਰਹਿ ਗਈ। ਰੀਪੋਰਟ ਮੁਤਾਬਕ ਗਰੀਬ ਅਤੇ ਰਸੋਈ ਦੇ ਬਾਲਣ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਦੀ ਗਿਣਤੀ 52.9 ਫੀ ਸਦੀ ਤੋਂ ਘਟ ਕੇ 13.9 ਫੀ ਸਦੀ ਰਹਿ ਗਈ ਹੈ। ਦੂਜੇ ਪਾਸੇ ਸਵੱਛਤਾ ਤੋਂ ਵਾਂਝੇ ਲੋਕ 2005-06 ਵਿਚ 50.4 ਫੀ ਸਦੀ ਤੋਂ ਘਟ ਕੇ 2019-21 ਵਿਚ 11.3 ਫੀ ਸਦੀ ਰਹਿ ਗਏ ਹਨ।
ਜੇਕਰ ਸਾਫ ਪੀਣ ਵਾਲੇ ਪਾਣੀ ਦੇ ਮਿਆਰ ’ਤੇ ਨਜ਼ਰ ਮਾਰੀਏ ਤਾਂ ਇਸ ਸਮੇਂ ਦੌਰਾਨ ਅਜਿਹੇ ਲੋਕਾਂ ਦੀ ਗਿਣਤੀ 16.4 ਫੀ ਸਦੀ ਤੋਂ ਘੱਟ ਕੇ 2.7 ਫੀ ਸਦੀ ਰਹਿ ਗਈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਬਿਜਲੀ ਤੋਂ ਵਾਂਝੇ ਲੋਕਾਂ ਦੀ ਗਿਣਤੀ 29 ਫੀ ਸਦੀ ਤੋਂ ਘੱਟ ਕੇ 2.1 ਫੀ ਸਦੀ ਰਹਿ ਗਈ। ਮਕਾਨਾਂ ਤੋਂ ਵਾਂਝੇ ਲੋਕਾਂ ਦਾ ਅੰਕੜਾ ਵੀ 44.9 ਫੀ ਸਦੀ ਤੋਂ ਘਟ ਕੇ 13.6 ਫੀ ਸਦੀ ਰਹਿ ਗਿਆ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਉਨ੍ਹਾਂ 19 ਦੇਸ਼ਾਂ ’ਚ ਸ਼ਾਮਲ ਹੈ, ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਅਪਣੀ ਐਮ.ਪੀ.ਆਈ. ਨੂੰ ਅੱਧਾ ਕਰ ਦਿਤਾ ਹੈ। ਭਾਰਤ ਲਈ ਇਹ ਸਮਾਂ 2005-06 ਤੋਂ 2005-16 ਤਕ ਦਾ ਰਿਹਾ ਹੈ। ਸਾਲ 2023 ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ 110 ਦੇਸ਼ਾਂ ਵਿਚ 6.1 ਅਰਬ ਲੋਕਾਂ ਵਿਚੋਂ 1.1 ਬਿਲੀਅਨ ਅਤਿ ਗਰੀਬੀ ਵਿਚ ਰਹਿ ਰਹੇ ਹਨ। ਅਜਿਹੇ ਲੋਕਾਂ ਦੀ ਗਿਣਤੀ ਉਪ-ਸਹਾਰਾ ਅਫਰੀਕਾ ਵਿਚ 534 ਮਿਲੀਅਨ ਅਤੇ ਦਖਣੀ ਏਸ਼ੀਆ ਵਿਚ 389 ਮਿਲੀਅਨ ਹੈ।
ਭਾਰਤ ’ਚ ਗ਼ਰੀਬਾਂ ਦੀ ਗਿਣਤੀ
2005-06 - 64.5 ਕਰੋੜ
2015-16 - 37 ਕਰੋੜ
2019-21 - 23 ਕਰੋੜ