ਮਾਲਦੀਵ ਨੇ ਦਿਤਾ ਭਾਰਤ ਨੂੰ ਝੱਟਕਾ, ਕਿਹਾ - ਵਾਪਸ ਲੈ ਜਾਓ ਅਪਣੇ ਫੌਜੀ ਅਤੇ ਹੈਲੀਕਾਪਟਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਾਲਦੀਵ ਦੀ ਚੀਨ ਸਮਰਥਿਤ ਅਬਦੁੱਲਾ ਸਰਕਾਰ ਨੇ ਭਾਰਤ ਨੂੰ ਝੱਟਕਾ ਦਿੰਦੇ ਹੋਏ ਫੌਜੀ ਹੈਲੀਕਾਪਟਰ ਅਤੇ ਸੈਨਿਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਭਾਰਤ ਦੇ ਦੋ...

Maldives and India

ਮਾਲੇ : ਮਾਲਦੀਵ ਦੀ ਚੀਨ ਸਮਰਥਿਤ ਅਬਦੁੱਲਾ ਸਰਕਾਰ ਨੇ ਭਾਰਤ ਨੂੰ ਝੱਟਕਾ ਦਿੰਦੇ ਹੋਏ ਫੌਜੀ ਹੈਲੀਕਾਪਟਰ ਅਤੇ ਸੈਨਿਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਭਾਰਤ ਦੇ ਦੋ ਹੈਲੀਕਾਪਟਰ ਅਤੇ ਲਗਭੱਗ 50 ਜਵਾਨ ਇਸ ਸਮੇਂ ਮਾਲਦੀਵ ਵਿਚ ਹਨ। ਮਾਲਦੀਵ ਅਤੇ ਭਾਰਤ ਦੇ ਵਿਚ ਇਕ ਸਮਝੌਤੇ ਤਹਿਤ ਉਨ੍ਹਾਂ ਨੂੰ ਉਥੇ ਭੇਜਿਆ ਗਿਆ ਸੀ।  ਹਾਲਾਂਕਿ ਇਹ ਸਮਝੌਤਾ ਜੂਨ ਵਿਚ ਹੀ ਖ਼ਤਮ ਹੋ ਗਿਆ ਹੈ। ਭਾਰਤ ਵਿਚ ਮਾਲਦੀਵ ਦੇ ਰਾਜਦੂਤ ਅਹਮਦ ਮੋਹੰਮਦ  ਨੇ ਵਿਦੇਸ਼ ਮੰਤਰਾਲਾ ਤੋਂ ਇਨ੍ਹਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ।

ਮੁਹੰਮਦ ਨੇ ਕਿਹਾ ਕਿ ਭਾਰਤ ਵਲੋਂ ਪ੍ਰਦਾਨ ਕੀਤੇ ਗਏ ਦੋ ਫੌਜੀ ਹੈਲੀਕਾਪਟਰ ਮੁੱਖ ਤੋਰ 'ਤੇ ਮੈਡੀਕਲ ਲਈ ਵਰਤੋਂ ਕੀਤੇ ਜਾਂਦੇ ਸਨ ਪਰ ਹੁਣ ਸਾਡੇ ਕੋਲ ਸਮਰੱਥ ਸਾਧਨ ਹੈ ਇਸ ਲਈ ਇਹਨਾਂ ਦੀ ਜ਼ਰੂਰਤ ਨਹੀਂ ਹੈ। ਭਾਰਤ ਲਈ ਮਾਲਦੀਵ ਵਿਚ ਇਹ ਹਾਲਤ ਕਾਫ਼ੀ ਖ਼ਰਾਬ ਮੰਨੀ ਜਾ ਰਹੀ ਹੈ ਕਿਉਂਕਿ ਭਾਰਤ ਅਤੇ ਚੀਨ ਮਾਲਦੀਵ ਵਿਚ ਪ੍ਰਮੁੱਖ ਵਿਰੋਧੀ ਹਨ। ਇਕ ਪਾਸੇ ਜਿਥੇ ਚੀਨ ਹਿੰਦ ਮਹਾਸਾਗਰ ਟਾਪੂ ਲੜੀ ਵਿਚ ਸੜਕ, ਪੁੱਲ ਅਤੇ ਵੱਡੇ ਹਵਾਈ ਅੱਡੇ ਬਣਾਉਣ ਵਿਚ ਜੁਟਿਆ ਹੈ ਉਥੇ ਹੀ ਭਾਰਤ ਦਹਾਕਿਆਂ ਤੋਂ ਫੌਜੀ ਅਤੇ ਨਾਗਰਿਕ ਸਹਾਇਤਾ ਪਹੁੰਚਾ ਰਿਹਾ ਹੈ। 

ਮਾਲਦੀਵ ਵਿਚ ਇਸ ਸਾਲ ਦੀ ਸ਼ੁਰੂਆਤ ਵਿਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਰਾਜਨੀਤਕ ਕੈਦੀਆਂ ਨੂੰ ਛੱਡਣ ਦਾ ਆਦੇਸ਼ ਦਿਤਾ ਸੀ। ਮਾਲਦੀਵ ਦੇ ਮੌਜੂਦਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਕੋਰਟ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਉਥੇ 15 ਦਿਨ ਦਾ ਐਮਰਜੈਂਸੀ ਲਾਗੂ ਕਰ ਦਿਤਾ ਸੀ। ਇਸ ਰਾਜਨੀਤਕ ਸੰਕਟ ਵਿਚ ਮਾਲਦੀਵ ਦੇ ਵਿਰੋਧੀ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਭਾਰਤ ਤੋਂ ਫੌਜੀ ਦਖਲ ਦੀ ਗੁਹਾਰ ਲਗਾਈ ਸੀ। ਭਾਰਤ ਨੇ ਵੀ ਮਾਲਦੀਵ ਦੇ ਹਾਲਾਤ 'ਤੇ ਚਿੰਤਾ ਜਤਾਈ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚ ਵਿਵਾਦ ਪੈਦਾ ਹੋ ਗਿਆ।  

ਸਵਾ ਚਾਰ ਲੱਖ ਦੀ ਆਬਾਦੀ ਵਾਲਾ ਮਾਲਦੀਵ ਭਾਰਤ ਦੇ ਦੱਖਣ - ਪੱਛਮ ਵਿਚ ਸਥਿਤ ਹੈ। ਹਿੰਦ ਮਹਾਸਾਗਰ ਵਿਚ ਹੋਣ ਦੀ ਵਜ੍ਹਾ ਤੋਂ ਇਹ ਦੇਸ਼ ਭਾਰਤ ਲਈ ਬੇਹੱਦ ਅਹਿਮ ਹੈ। ਹੁਣ ਤੱਕ ਕੋਈ ਵੀ ਦੇਸ਼ ਹਿੰਦ ਮਹਾਸਾਗਰ ਵਿਚ ਭਾਰਤ ਦੇ ਵਿਰੋਧੀ ਪੱਖ ਵਿਚ ਨਹੀਂ ਖਡ਼੍ਹਾ ਹੋਇਆ ਹੈ। ਹਾਲਾਂਕਿ ਬੀਤੇ ਕੁੱਝ ਸਮੇਂ ਵਿਚ ਚੀਨ ਨੇ ਵਨ ਬੈਲਟ ਵਨ ਰੋਡ ਪ੍ਰੋਜੈਕਟ ਦੇ ਤਹਿਤ ਇੱਥੇ ਨਿਵੇਸ਼ ਕਰਨਾ ਸ਼ੁਰੂ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਮਾਲਦੀਵ ਦੇ ਬਹਾਨੇ ਭਾਰਤ ਨੂੰ ਘੇਰਨਾ ਚਾਹੁੰਦਾ ਹੈ। ਉਸ ਨੇ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ 'ਤੇ ਵੀ ਨਿਵੇਸ਼ ਕੀਤਾ ਹੈ।