ਪਾਕਿਸਤਾਨ ਦੀ ਜਾਵੇਰਿਆ ਦੇ ਭਾਰਤ ਪੁੱਜਣ ਤੋਂ ਬਾਅਦ ਹੁਣ ਇਕ ਹੋਰ ਪਾਕਿਸਤਾਨੀ ਮੰਗੇਤਰ ਮਾਰਿਆ ਬੀਬੀ ਨੇ ਭਾਰਤ ਸਰਕਾਰ ਤੋਂ ਵੀਜ਼ੇ ਦੀ ਮੰਗ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਰਿਆ ਬੀਬੀ ਫ਼ੇਸਬੁਕ ਰਾਹੀਂ ਚਾਰ ਸਾਲ ਪਹਿਲਾਂ ਸੋਨੂੰ ਦੇ ਸੰਪਰਕ ਵਿਚ ਆਈ ਸੀ

File Photo

Qadian: ਕਰਾਚੀ (ਪਾਕਿਸਤਾਨ) ਦੀ ਜਾਵੇਰਿਆ ਦੇ ਭਾਰਤ ਪਹੁੰਚਣ ਤੋਂ ਬਾਅਦ ਹੁਣ ਇਕ ਹੋਰ ਪਾਕਿਸਤਾਨੀ ਮੰਗੇਤਰ ਸ਼ੇਖ਼ੂਪੁਰਾ ਦੀ ਰਹਿਣ ਵਾਲੀ ਮਾਰਿਆ ਬੀਬੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦਾ ਵਿਆਹ ਕਾਦੀਆਂ ਦੇ ਨੇੜੇ ਸਥਿਤ ਪਿੰਡ ਸਠਿਆਲੀ ਡਾਕਖ਼ਾਨਾ ਨੈਨੋ ਕੋਟ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸੋਨੂੰ ਮਸੀਹ ਨਾਲ ਹੋਣਾ ਤੈਅ ਹੋਇਆ ਹੈ। ਉਹ ਫ਼ੇਸਬੁਕ ਰਾਹੀਂ ਚਾਰ ਸਾਲ ਪਹਿਲਾਂ ਸੋਨੂੰ ਦੇ ਸੰਪਰਕ ਵਿਚ ਆਈ ਸੀ। ਹੌਲੀ ਹੌਲੀ ਦੋਵੇਂ ਇਕ ਦੂਜੇ ਦੇ ਪਿਆਰ ਵਿਚ ਕੈਦ ਹੋ ਗਏ। ਮਾਪਿਆਂ ਦੀ ਸਹਿਮਤੀ ਤੋਂ ਬਾਅਦ ਉਨ੍ਹਾਂ ਵਿਆਹ ਕਰਨ ਦਾ ਫ਼ੈਸਲਾ ਲਿਆ।

ਮਾਰਿਆ ਬੀਬੀ ਦੇ ਮੰਗੇਤਰ ਸੋਨੂੰ ਮਸੀਹ ਨੇ ਦਸਿਆ ਕਿ ਉਹ ਪਹਿਲੀ ਵਾਰ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਅਪਣੇ ਮਾਪਿਆ ਨਾਲ ਆ ਕੇ ਮਿਲੇ ਜਿਥੇ ਰਿਸ਼ਤਾ ਤੈਅ ਹੋਣ ਤੋਂ ਬਾਅਦ ਮਾਰਿਆ ਦੇ ਵੀਜ਼ੇ ਲਈ ਕਾਗ਼ਜ਼ਾਤ ਬਣਵਾਉਣ ਲਈ ਭੱਜਨਠ ਕਰਦਾ ਰਿਹਾ। ਮੰਗੇਤਰ ਨੂੰ ਬੁਲਵਾਉਣ ਲਈ ਸੋਨੂੰ ਮਸੀਹ ਨੇ ਸਪਾਂਸਰਸ਼ਿਪ ਸਰਟੀਫ਼ੀਕੇਟ ਤਸਦੀਕ ਕਰ ਕੇ ਪਾਕਿਸਤਾਨ ਭੇਜਣਾ ਸੀ। ਉਸ ਦੀ ਤਸਦੀਕ ਕਰਨ ਲਈ ਤੇ ਕੋਈ ਵੀ ਗਜਟਿਡ ਅਫ਼ਸਰ ਤਿਆਰ ਨਹੀਂ ਸੀ। ਗ੍ਰਹਿ ਮੰਤਰਾਲੇ ਦੇ ਨਿਯਮਾਂ ਮੁਤਾਬਕ ਭਾਰਤ ਦੇ ਕਿਸੇ ਵੀ ਵਿਅਕਤੀ ਨੇ ਜੇ ਪਾਕਿਸਤਾਨ ਤੋਂ ਕਿਸੇ ਨੂੰ ਬੁਲਾਉਣਾ ਹੈ ਤਾਂ ਗਜਟਿਡ ਅਫ਼ਸਰ  ਹੀ ਭਾਰਤੀ ਵਿਅਕਤੀ ਦੀ ਤਸਦੀਕ ਦੇ ਨਾਲ ਨਾਲ ਅਪਣਾ ਸਰਕਾਰੀ ਆਈ ਡੀ ਕਾਰਡ ਵੀ ਸਪਾਂਸਰ ਕਰਨ ਵਾਲੇ ਭਾਰਤੀ ਨੂੰ ਵੀਜ਼ਾ ਫ਼ਾਈਲ ਵਿਚ ਨੱਥੀ ਕਰਨਾ ਜ਼ਰੂਰੀ ਹੈ। ਨੋਟਰਾਈਜ਼ਡ ਸਪਾਂਸਰਸ਼ਿਪ ਨੂੰ ਭਾਰਤ ਸਰਕਾਰ ਮਨਜ਼ੂਰ ਨਹੀਂ ਕਰਦੀ। 

ਸੋਨੂੰ ਮਸੀਹ ਨੇ ਦਸਿਆ ਕਿ ਆਮ ਆਦਮੀ ਪਾਰਟੀ ਦੇ ਆਗੂ ਜਗਰੂਪ ਸਿੰਘ ਸੇਖਵਾਂ ਨੇ ਉਸ ਦੀ ਇਸ ਮਾਮਲੇ ਵਿਚ ਮਦਦ ਕੀਤੀ। ਬੀ ਡੀ ਪੀ ੳ ਕਾਹਨੂੰਵਾਨ ਕੁਲਵੰਤ ਸਿੰਘ ਨੇ ਸੋਨੂੰ ਮਸੀਹ ਦੀ ਸਪਾਂਸਰਸ਼ਿਪ ਤਸਦੀਕ  ਕਰ ਕੇ ਆਈ ਕਾਰਡ ਦੀ ਫ਼ੋਟੋ ਕਾਪੀ ਵੀ ਦੇ ਦਿਤੀ ਅਤੇ ਉਸ ਦਾ ਸਪਾਂਸਰਸ਼ਿਪ ਸਰਟੀਫ਼ੀਕੇਟ ਤਿਆਰ ਹੋਣ ਤੇ ਉਹ ਦੁਬਾਰਾ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਗਿਆ। ਜਿਥੇ ਅਪਣੀ ਮੰਗੇਤਰ ਨਾਲ ਮੁਲਾਕਾਤ ਕੀਤੀ। ਉਸ ਨੇ ਦਸਿਆ ਕਿ ਕਈ ਵਾਰੀ ਉਸ ਦੀ ਮੰਗੇਤਰ ਮਾਰਿਆ ਬੀਬੀ ਅਪਣੇ ਭਾਰਤੀ ਵੀਜ਼ਾ ਫ਼ਾਰਮ ਜਮ੍ਹਾਂ ਕਰਵਾਉਣ ਲਈ ਵੀਜ਼ਾਟਰੋਨਿਕਸ ਸੈਂਟਰ ਲਾਹੌਰ ਗਈ। ਪਰ ਕੋਈ ਨਾ ਕੋਈ ਕਮੀ ਕੱਢ ਕੇ ਉਸ ਦੀ ਫ਼ਾਈਲ ਹੀ ਜਮ੍ਹਾਂ ਨਹੀਂ ਹੋ ਰਹੀ ਹੈ। ਹੁਣ ਉਹ ਦੁਬਾਰਾ ਸੋਮਵਾਰ ਨੂੰ ਭਾਰਤੀ ਵੀਜ਼ਾ ਲਈ ਆਵੇਦਨ ਕਰੇਗੀ। ਸੋਨੂੰ ਮਸੀਹ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਮੰਗੇਤਰ ਨੂੰ ਭਾਰਤ ਦਾ ਵੀਜ਼ਾ ਦਿਤਾ ਜਾਵੇ ਤਾਕਿ ਉਹ ਅਪਣਾ ਘਰ ਆਬਾਦ ਕਰ ਸਕਣ।

(For more news apart from Another Pakistani girl demanding visa from India, stay tuned to Rozana Spokesman)