ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੰਤਰੀ ਤੁਲਸੀ ਗਾਬਾਰਡ ਨੇ ਰਾਸ਼ਟਰਪਤੀ ਚੋਣ ਲਈ ਪੇਸ਼ ਕੀਤੀ ਦਾਅਵੇਦਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੇਕਰ ਤੁਲਸੀ ਟਰੰਪ ਵਿਰੁਧ ਡੈਮੋਕ੍ਰੇਟ ਉਮੀਦਵਾਰ ਚੁਣੇ ਜਾਂਦੇ ਹਨ ਤਾਂ ਉਹ ਅਮਰੀਕਾ ਦੇ ਸੱਭ ਤੋਂ ਨੌਜਵਾਨ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਹੋਣਗੇ।

Tulsi Gabbard

ਵਾਸ਼ਿੰਗਟਨ : ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੰਤਰੀ ਤੁਲਸੀ ਗਾਬਾਰਡ ਨੇ 2020 ਵਿਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਬਣਨ ਦੀ ਇੱਛਾ ਪ੍ਰਗਟ ਕੀਤੀ ਹੈ। ਅਗਲੇ ਹਫਤੇ ਉਹ ਇਸ ਦਾ ਅਧਿਕਾਰਕ ਐਲਾਨ ਕਰ ਸਕਦੇ ਹਨ। ਤੁਲਸੀ 2013 ਤੋਂ ਹੀ ਅਮਰੀਕਾ ਦੇ ਹਵਾਈ ਰਾਜ ਤੋਂ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵ ਵਿਚ ਡੈਮੋਕ੍ਰੇਟ ਸੰਸਦ ਮੰਤਰੀ ਹਨ। ਜੇਕਰ ਤੁਲਸੀ ਟਰੰਪ ਵਿਰੁਧ ਡੈਮੋਕ੍ਰੇਟ ਉਮੀਦਵਾਰ ਚੁਣੇ ਜਾਂਦੇ ਹਨ ਤਾਂ ਉਹ ਅਮਰੀਕਾ ਦੇ ਸੱਭ ਤੋਂ ਨੌਜਵਾਨ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਹੋਣਗੇ।

ਉਹ ਅਮਰੀਕਾ ਦੀ ਪਹਿਲੀ ਗ਼ੈਰ-ਈਸਾਈ ਅਤੇ ਪਹਿਲੀ ਹਿੰਦੂ ਰਾਸ਼ਟਰਪਤੀ ਹੋਣਗੇ । ਗਾਬਾਰਡ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਮੈਂ ਰਾਸ਼ਟਰਪਤੀ ਚੋਣ ਵਿਚ ਅਪਣੀ ਉਮੀਦਵਾਰੀ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅਗਲੇ ਹਫਤੇ ਇਸ ਦਾ ਐਲਾਨ ਕਰ ਸਕਦੀ ਹਾਂ। ਉਹਨਾਂ ਕਿਹਾ ਕਿ ਅਮਰੀਕੀ ਲੋਕਾਂ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ, ਜਿਹਨਾਂ ਦੇ ਬਾਰੇ ਉਹ ਫਿਕਰਮੰਦ ਹਨ। ਉਹ ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਵਿਚ ਮਦਦ ਕਰਨਾ ਚਾਹੁੰਦੇ ਹਨ। ਇਥੇ ਸੱਭ ਤੋਂ ਵੱਡਾ ਮੁੱਦਾ ਯੁੱਧ ਅਤੇ ਸ਼ਾਂਤੀ ਦਾ ਹੈ। 37 ਸਾਲਾਂ ਤੁਲਸੀ ਹਵਾਈ ਤੋਂ ਚਾਰ ਵਾਰ ਦੀ ਡੈਮੋਕ੍ਰੇਟ ਸੰਸਦ ਮੰਤਰੀ ਹਨ।

ਉਹ ਹਰ ਵਾਰ ਰਿਕਾਰਡ ਵੋਟਾਂ ਤੋਂ ਜਿਤੱਦੇ ਹਨ। ਰਾਜਨੀਤੀ ਵਿਚ ਆਉਣ ਤੋਂ ਪਹਿਲਾ ਉਹ ਅਮਰੀਕੀ ਫ਼ੋਜ ਵੱਲੋਂ 12 ਮਹੀਨਿਆਂ ਲਈ ਇਰਾਕ ਵਿਚ ਤੈਨਾਤ ਰਹਿ ਚੁੱਕੇ ਹਨ। ਗਾਬਾਰਡ ਦਾ ਜਨਮ ਅਮਰੀਕਾ ਦੇ ਸਮੋਆ ਵਿਚ ਇਕ ਕੈਥੋਲਿਕ ਪਰਵਾਰ ਵਿਚ ਹੋਇਆ ਸੀ। ਉਹਨਾਂ ਦੀ ਮਾਂ ਕਾਕੇਸ਼ੀਅਨ ਹਿੰਦੂ ਹਨ। ਇਸ ਲਈ ਤੁਲਸੀ ਗਾਬਾਰਡ ਸ਼ੁਰੂਆਤ ਤੋਂ ਹੀ ਹਿੰਦੂ ਧਰਮ ਨੂੰ ਮੰਨਦੇ ਰਹੇ ਹਨ। ਤੁਲਸੀ ਪਹਿਲੇ ਸੰਸਦ ਮੰਤਰੀ ਸਨ, ਜਿਹਨਾਂ ਨੇ ਭਾਗਵਤ ਗੀਤਾ ਦੇ ਨਾਮ 'ਤੇ ਸਹੁੰ ਚੁੱਕੀ ਸੀ।

ਤੁਲਸੀ ਅਮਰੀਕੀ ਸੰਸਦ ਦੀ ਆਰਮਡ ਸਰਵਿਸਿਜ਼ ਕਮੇਟੀ ਅਤੇ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਹਨ। ਚਾਰ ਵਾਰ ਦੀ ਸੰਸਦ ਮੰਤਰੀ ਤੁਲਸੀ ਭਾਰਤ-ਅਮਰੀਕਾ ਦੇ ਸਬੰਧਾਂ ਦੇ ਵੱਡੇ ਸਮਰਥਕ ਹਨ। ਹਾਲਾਂਕਿ ਉਮੀਦਵਾਰ ਬਣਨ ਲਈ ਵੀ ਤੁਲਸੀ ਨੂੰ ਮੁੱਢਲੀਆਂ ਚੋਣਾਂ ਵਿਚ ਜਿੱਤ ਹਾਸਲ ਕਰਨੀ ਹੋਵੇਗੀ, ਜਿਥੇ ਉਹਨਾਂ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੇ ਘੱਟ ਤੋਂ ਘੱਟ 12 ਸੰਸਦ ਮੰਤਰੀਆਂ ਨਾਲ ਹੋਵੇਗਾ।