ਟਰੰਪ ਪ੍ਰਸ਼ਾਸਨ ਨੇ ਇਲੈਕਟ੍ਰਾਨਿਕਸ ਨੂੰ ਆਪਸੀ ਟੈਰਿਫ ਤੋਂ ਛੋਟ ਦਿਤੀ
ਅਮਰੀਕਾ ’ਚ ਮੋਬਾਈਲ ਫ਼ੋਨਾਂ ਅਤੇ ਲੈਪਟਾਪਾਂ ਵਰਗੀਆਂ ਮਸ਼ਹੂਰ ਇਲੈਕਟ੍ਰਾਨਿਕ ਚੀਜ਼ਾਂ ਦੀਆਂ ਕੀਮਤਾਂ ਘੱਟ ਰੱਖਣ ਦਾ ਮੌਕਾ ਮਿਲੇਗਾ
ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਸ਼ੁਕਰਵਾਰ ਦੇਰ ਰਾਤ ਕਿਹਾ ਕਿ ਉਹ ਸਮਾਰਟਫੋਨ ਅਤੇ ਲੈਪਟਾਪ ਵਰਗੇ ਇਲੈਕਟ੍ਰਾਨਿਕਸ ਨੂੰ ਆਪਸੀ ਟੈਰਿਫ ਤੋਂ ਬਾਹਰ ਰੱਖੇਗਾ। ਇਸ ਕਦਮ ਨਾਲ ਅਮਰੀਕਾ ’ਚ ਮੋਬਾਈਲ ਫ਼ੋਨਾਂ ਅਤੇ ਲੈਪਟਾਪਾਂ ਵਰਗੀਆਂ ਮਸ਼ਹੂਰ ਇਲੈਕਟ੍ਰਾਨਿਕ ਚੀਜ਼ਾਂ ਦੀਆਂ ਕੀਮਤਾਂ ਘੱਟ ਰੱਖਣ ਦਾ ਮੌਕਾ ਮਿਲੇਗਾ। ਐਪਲ ਅਤੇ ਸੈਮਸੰਗ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਅਤੇ ਐਨਵੀਡੀਆ ਵਰਗੀਆਂ ਚਿਪ ਨਿਰਮਾਤਾਵਾਂ ਨੂੰ ਲਾਭ ਹੋਵੇਗਾ।
ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਕਿਹਾ ਕਿ ਸਮਾਰਟਫੋਨ, ਲੈਪਟਾਪ, ਹਾਰਡ ਡਰਾਈਵ, ਫਲੈਟ ਪੈਨਲ ਮੋਨੀਟਰ ਅਤੇ ਕੁੱਝ ਚਿਪਸ ਵਰਗੀਆਂ ਚੀਜ਼ਾਂ ਛੋਟ ਲਈ ਯੋਗ ਹੋਣਗੀਆਂ। ਸੈਮੀਕੰਡਕਟਰ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਨੂੰ ਵੀ ਆਪਸੀ ਟੈਰਿਫ਼ ਤੋਂ ਬਾਹਰ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਉਹ ਚੀਨ ’ਤੇ ਲਗਾਏ ਗਏ ਮੌਜੂਦਾ 145 ਫ਼ੀ ਸਦੀ ਟੈਰਿਫ ਜਾਂ ਕਿਤੇ ਹੋਰ 10 ਫ਼ੀ ਸਦੀ ਮੂਲ ਟੈਰਿਫ ਦੇ ਵੀ ਅਧੀਨ ਨਹੀਂ ਹੋਣਗੇ।
ਇਹ ਟਰੰਪ ਪ੍ਰਸ਼ਾਸਨ ਦਾ ਤਾਜ਼ਾ ਟੈਰਿਫ ਬਦਲਾਅ ਹੈ, ਜਿਸ ਨੇ ਜ਼ਿਆਦਾਤਰ ਦੇਸ਼ਾਂ ਦੇ ਸਾਮਾਨ ’ਤੇ ਟੈਰਿਫ ਲਗਾਉਣ ਦੀ ਅਪਣੀ ਵਿਸ਼ਾਲ ਯੋਜਨਾ ਵਿਚ ਕਈ ਪਲਟੇ ਖਾਧੇ ਹਨ।
ਟੀਚਾ ਵਧੇਰੇ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨਾ ਹੈ। ਪਰ ਛੋਟਾਂ ਤੋਂ ਲਗਦਾ ਹੈ ਕਿ ਮੌਜੂਦਾ ਇਲੈਕਟ੍ਰਾਨਿਕਸ ਸਪਲਾਈ ਚੇਨ ਲਗਭਗ ਏਸ਼ੀਆ ’ਚ ਹੈ ਅਤੇ ਇਸ ਨੂੰ ਅਮਰੀਕਾ ’ਚ ਤਬਦੀਲ ਕਰਨਾ ਚੁਨੌਤੀਪੂਰਨ ਹੋਵੇਗਾ। ਉਦਾਹਰਣ ਵਜੋਂ, ਵੇਡਬੁਸ਼ ਸਕਿਓਰਿਟੀਜ਼ ਦੇ ਅਨੁਸਾਰ, ਲਗਭਗ 90 ਫ਼ੀ ਸਦੀ ਆਈਫੋਨ ਚੀਨ ’ਚ ਤਿਆਰ ਅਤੇ ਅਸੈਂਬਲ ਕੀਤੇ ਜਾਂਦੇ ਹਨ। ਟਰੰਪ ਨੇ ਪਹਿਲਾਂ ਕਿਹਾ ਸੀ ਕਿ ਉਹ ਕੁੱਝ ਕੰਪਨੀਆਂ ਨੂੰ ਟੈਰਿਫ ਤੋਂ ਛੋਟ ਦੇਣ ’ਤੇ ਵਿਚਾਰ ਕਰਨਗੇ।