ਮਿਸ ਯੂਨੀਵਰਸ ਆਰਗੇਨਾਈਜੇਸ਼ਨ ਨੂੰ ਵੱਡਾ ਝਟਕਾ, ਪਹਿਲੀ ਵਾਰੀ ‘ਮਿਸ USA’ ਅਤੇ ‘ਮਿਸ ਟੀਨ USA’ ਦੇ ਖਿਤਾਬਧਾਰਕਾਂ ਤੋਂ ਵਾਂਝਾ ਹੋਇਆ ਅਮਰੀਕਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਨਸਿਕ ਸਿਹਤ ਅਤੇ ਨਿੱਜੀ ਕਦਰਾਂ-ਕੀਮਤਾਂ ਦਾ ਹਵਾਲਾ ਦਿੰਦੇ ਹੋਏ ‘ਟੀਨ’ ਅਤੇ ‘ਮਿਸ’ ਯੂ.ਐਸ.ਏ. ਨੇ ਖਿਤਾਬ ਤਿਆਗਿਆ

Noelia Voigt and UmaSofia Srivastava

ਨਿਊਯਾਰਕ: ਮਿਸ USA ਨੋਏਲੀਆ ਵੋਇਗਟ ਅਤੇ ਮਿਸ ਟੀਨ USA ਉਮਾ ਸੋਫੀਆ ਸ਼੍ਰੀਵਾਸਤਵ ਨੇ ਇਸ ਹਫਤੇ ਐਲਾਨ ਕੀਤਾ ਕਿ ਉਹ ਅਪਣੇ-ਅਪਣੇ ਖਿਤਾਬ ਛੱਡ ਦੇਣਗੀਆਂ। ਇਨ੍ਹਾਂ ਅਸਤੀਫ਼ਿਆਂ ਤੋਂ ਬਾਅਦ 72 ਸਾਲਾਂ ’ਚ ਪਹਿਲੀ ਵਾਰ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਜਦਕਿ ਅਮਰੀਕਾ ਕੋਲ ‘ਮਿਸ USA’ ਅਤੇ ‘ਮਿਸ ਟੀਨ USA’ ਦਾ ਖਿਤਾਬ ਨਹੀਂ ਹੈ। 

ਵੋਇਗਟ ਨੇ ਸਤੰਬਰ 2023 ਵਿਚ ਇਹ ਖਿਤਾਬ ਜਿੱਤਿਆ ਸੀ ਅਤੇ ਉਹ ਤਾਜ ਪਹਿਨਣ ਵਾਲੀ ਵੈਨੇਜ਼ੁਏਲਾ ਮੂਲ ਦੀ ਪਹਿਲੀ ਅਮਰੀਕੀ ਸੀ। ਉਸ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਪੋਸਟ ਕੀਤਾ, ‘‘ਮੈਨੂੰ ਉਮੀਦ ਹੈ ਕਿ ਮੈਂ ਦੂਜਿਆਂ ਨੂੰ ਅਪਣੀ ਮਾਨਸਿਕ ਸਿਹਤ ਨੂੰ ਤਰਜੀਹ ਦੇਣ, ਉਨ੍ਹਾਂ ਦੀ ਆਵਾਜ਼ ਸੁਣਾਉਣ ਅਤੇ ਅਪਣੇ ਅਤੇ ਦੂਜਿਆਂ ਲਈ ਖੜ੍ਹੇ ਹੋਣ ਲਈ ਪ੍ਰੇਰਿਤ ਕਰਦੀ ਰਹਾਂਗੀ।’’ ਉਨ੍ਹਾਂ ਕਿਹਾ, ‘‘ਮੈਨੂੰ ਅਹਿਸਾਸ ਹੈ ਕਿ ਇਹ ਬਹੁਤ ਸਾਰੇ ਲੋਕਾਂ ਲਈ ਇਕ ਵੱਡਾ ਝਟਕਾ ਹੋ ਸਕਦਾ ਹੈ। ਅਪਣੀ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਕਦੇ ਸਮਝੌਤਾ ਨਾ ਕਰੋ। ’’ 

ਭਾਰਤੀ-ਮੈਕਸੀਕੋ ਮੂਲ ਦੀ ਸ਼੍ਰੀਵਾਸਤਵ ਨੇ ਵੀ ਪਿਛਲੇ ਸਾਲ ਸਤੰਬਰ ’ਚ ਤਾਜ ਪਹਿਨਿਆ ਸੀ। ਉਸ ਨੇ ਬੁਧਵਾਰ ਨੂੰ ਇੰਸਟਾਗ੍ਰਾਮ ’ਤੇ ਅਪਣੀ ਪੋਸਟ ’ਚ ਖਿਤਾਬ ਛੱਡਣ ਦਾ ਐਲਾਨ ਕੀਤਾ। ਉਸ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਮੇਰੀਆਂ ਨਿੱਜੀ ਕਦਰਾਂ-ਕੀਮਤਾਂ ਹੁਣ ਸੰਗਠਨ (ਮਿਸ ਯੂਨੀਵਰਸ ਆਰਗੇਨਾਈਜੇਸ਼ਨ) ਨਾਲ ਮੇਲ ਨਹੀਂ ਖਾਂਦੀਆਂ।’’