ਪਾਕਿਸਤਾਨ ਦੇ ਬਜਟ ਵਿਚ ਇਸ ਵਾਰ 100 ਕਰੋੜ ਕਰਤਾਰਪੁਰ ਲਾਂਘੇ ਦੇ ਨਾਂਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਸੰਘੀ ਬਜਟ 2019-20 ਵਿਚ 100 ਕਰੋੜ ਰੁਪਏ ਰੱਖੇ ਹਨ।

Kartarpur Sahib

ਇਸਲਾਮਾਬਾਦ: ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਸੰਘੀ ਬਜਟ 2019-20 ਵਿਚ 100 ਕਰੋੜ ਰੁਪਏ ਰੱਖੇ ਹਨ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਵਿਚ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ ਅਤੇ ਭਾਰਤੀ ਸਿੱਖਾਂ ਨੂੰ ਬਿਨਾਂ ਵੀਜ਼ਾ ਆਉਣ-ਜਾਣ ਦੀ ਅਜ਼ਾਦੀ ਦੇਵੇਗਾ।

ਉਹਨਾਂ ਸਿੱਖਾਂ ਨੂੰ ਕਰਤਾਰਪੁਰ ਜਾਣ ਲਈ ਸਿਰਫ਼ ਇਕ ਮਨਜ਼ੂਰੀ ਲੈਣੀ ਹੋਵੇਗੀ। ਇਕ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਵੱਲੋਂ ਰੱਖੇ ਗਏ ਬਜਟ ਦੀ ਵਰਤੋਂ ਕਰਤਾਰਪੁਰ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨਿਰਮਾਣ ਕਾਰਜਾਂ ਲਈ ਕੀਤੀ ਜਾਵੇਗੀ। ਯੋਜਨਾ ਕਮਿਸ਼ਨ, ਵਿਕਾਸ ਅਤੇ ਸੁਧਾਰ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਪ੍ਰੋਜੈਕਟ ਦੀ ਲਾਗਤ ਲਗਭਗ 300 ਕਰੋੜ ਰੁਪਏ ਹੈ।

ਭਾਰਤੀ ਸਰਹੱਦ ਤੋਂ ਕਰਤਾਰਪੁਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਤੱਕ ਲਾਂਘੇ ਦਾ ਨਿਰਮਾਣ ਪਾਕਿਸਤਾਨ ਕਰੇਗਾ, ਉਥੇ ਹੀ ਭਾਰਤ ਦੇ ਪੰਜਾਬ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਸਰਹੱਦ ਤੱਕ ਦੂਜੇ ਹਿੱਸੇ ਦਾ ਨਿਰਮਾਣ ਭਾਰਤ ਕਰੇਗਾ। ਅਧਿਕਾਰੀਆਂ ਅਨੁਸਾਰ ਪਾਕਿਸਤਾਨ ਵੱਲੋਂ ਬਣਾਏ ਜਾ ਰਹੇ ਚਾਰ ਕਿਲੋਮੀਟਰ ਦੇ ਖੇਤਰ ਵਿਚ ਕਰੀਬ 50 ਫੀਸਦੀ ਕੰਮ ਪੂਰਾ ਹੋ ਚੁਕਾ ਹੈ। ਇਸ ਲਾਂਘੇ ਨੂੰ ਬਣਾਉਣ ਲਈ ਦੋਵੇਂ ਦੇਸ਼ਾਂ ਵਿਚ ਪਿਛਲੇ ਸਾਲ ਸਹਿਮਤੀ ਹੋਈ ਸੀ।