Canada News: ਕੈਨੇਡਾ ’ਚ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੇ ਪੋਸਟਰਾਂ ’ਤੇ ਭਖਿਆ ਨਵਾਂ ਵਿਵਾਦ
ਟਰੂਡੋ ਸਰਕਾਰ ਨੂੰ ਦੂਜੀ ਵਾਰ ਦੇਣਾ ਪਿਆ ਸਪੱਸ਼ਟੀਕਰਨ
Canada News: ਕੈਨੇਡਾ ’ਚ ਹੁਣ ਇੰਦਰਾ ਗਾਂਧੀ ਦੇ ਪੋਸਟਰਾਂ ਨੂੰ ਲੈ ਕੇ ਇਕ ਨਵਾਂ ਵਿਵਾਦ ਭਖ ਗਿਆ ਹੈ। ਭਾਰਤ ਤੇ ਕੈਨੇਡਾ ਵਿਚਲੇ ਦੁਵੱਲੇ ਸਬੰਧਾਂ ’ਚ ਪਹਿਲਾਂ ਤੋਂ ਹੀ ਕੜਵਾਹਟ ਭਰ ਚੁਕੀ ਹੈ ਤੇ ਹੁਣ ਇਸ ਨਵੇਂ ਵਿਵਾਦ ਨੇ ਸਿਆਸੀ ਹਲਕਿਆਂ ’ਚ ਕਈ ਤਰ੍ਹਾਂ ਦੀ ਬਹਿਸ ਛੇੜ ਦਿਤੀ ਹੈ। ਭਾਰਤ ’ਚ ਕੈਨੇਡਾ ਦੇ ਹਾਈ ਕਮਿਸ਼ਨਰ ਕੇਮਰੌਨ ਮੈਕੇ ਨੇ ਕਿਹਾ ਹੈ ਕਿ ਵੈਨਕੂਵਰ ’ਚ ਇੰਦਰਾ ਗਾਂਧੀ ਦੇ ਕਤਲ ਨੂੰ ਜਿਸ ਤਰੀਕੇ ਤਸਵੀਰਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਤੋਂ ਉਨ੍ਹਾਂ ਦੇ ਦੇਸ਼ ਦੀ ਸਰਕਾਰ ਪੂਰੀ ਤਰ੍ਹਾਂ ਜਾਣੂ ਹੈ।
ਸ੍ਰੀ ਮੈਕੇ ਨੇ ਮੰਗਲਵਾਰ ਨੂੰ ‘ਐਕਸ’ ’ਤੇ ਅਪਣਾ ਇਕ ਬਿਆਨ ਜਾਰੀ ਕਰਦਿਆਂ ਲਿਖਿਆ: ‘ਕੈਨੇਡਾ ਦੀ ਪੁਜ਼ੀਸ਼ਨ ਬੜੀ ਸਪੱਸ਼ਟ ਹੈ। ਕੈਨੇਡਾ ’ਚ ਹਿੰਸਾ ਨੂੰ ਹੱਲਾਸ਼ੇਰੀ ਦੇਣ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ।’ ਇਥੇ ਵਰਨਣਯੋਗ ਹੈ ਕਿ ਖ਼ਾਲਿਸਤਾਨ ਦੇ ਕੁਝ ਸਮਰਥਕਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਇਕ ਕਟ-ਆਊਟ ਬਣਾਇਆ ਹੋਇਆ ਸੀ ਤੇ ਦੋ ਸਿੱਖ ਨੌਜਵਾਨਾਂ ਨੇ ਉਸ ਕਟ-ਆਊਟ ਵਲ ਬੰਦੂਕਾਂ ਤਾਣੀਆਂ ਹੋਈਆਂ ਸਨ। ਉਸ ਤੋਂ ਬਾਅਦ ਬਰੈਂਪਟਨ ’ਚ ਵੀ ਅਜਿਹੀ ਘਟਨਾ ਵਾਪਰ ਗਈ ਸੀ।
ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਕੁੱਝ ਹਲਕਿਆਂ ’ਚ ਇਹ ਮਾਮਲਾ ਇਸ ਲਈ ਵੀ ਵਧੇਰੇ ਚੁਕਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਵਰ੍ਹੇ 18 ਜੂਨ ਨੂੰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ’ਚ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਣ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ’ਚ ਕੜਵਾਹਟ ਪੈਦਾ ਹੋ ਗਈ ਸੀ। ਦਰਅਸਲ, ਇਹ ਕੜਵਾਹਟ ਉਦੋਂ ਵਧੀ ਸੀ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਵਰ੍ਹੇ ਦੇ ਅੰਤ ’ਚ ਸੰਸਦ ਵਿਚ ਇਹ ਬਿਆਨ ਦਿਤਾ ਹੈ ਕਿ ‘ਹਰਦੀਪ ਸਿੰਘ ਨਿੱਝਰ ਦੇ ਕਤਲ ਪਿਛੇ ਭਾਰਤ ਸਰਕਾਰ ਦਾ ਹਥ ਹੈ ਤੇ ਕੈਨੇਡਾ ਸਰਕਾਰ ਕੋਲ ਇਸ ਦੇ ਪੱਕੇ ਸਬੂਤ ਹਨ।’
ਭਾਰਤ ਸਰਕਾਰ ਨੇ ਅਜਿਹੇ ਦੋਸ਼ਾਂ ਨੂੰ ਮੁਢੋਂ ਨਕਾਰਿਆ ਸੀ ਤੇ ਕੈਨੇਡਾ ਸਰਕਾਰ ਨੂੰ ਇਸ ਸਬੰਧੀ ਠੋਸ ਸਬੂਤ ਪੇਸ਼ ਕਰਨ ਲਈ ਆਖਿਆ ਸੀ। ਇਥੇ ਇਹ ਦਸਣਾ ਵੀ ਯੋਗ ਹੈ ਕਿ ਪਹਿਲਾਂ ਕੈਨੇਡਾ ਦੇ ਜਨਤਕ ਸੁਰੱਖਿਆ, ਜਮਹੂਰੀ ਸੰਸਥਾਨਾਂ ਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ ਡੌਮਿਨਿਕ ਏ. ਲੀਬਲੈਂਕ ਨੇ ਵੀ ‘ਐਕਸ’ ਉਤੇ ਇਹ ਬਿਆਨ ਜਾਰੀ ਕੀਤਾ ਸੀ ਕਿ ਵੈਨਕੂਵਰ ’ਚ ਤਸਵੀਰਾਂ ਦੀ ਪੇਸ਼ਕਾਰੀ ਕੀਤੇ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ, ਸਾਡੇ ਦੇਸ਼ ’ਚ ਹਿੰਸਾ ਨੂੰ ਉਤਸ਼ਾਹਿਤ ਕੀਤੇ ਜਾਣ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇੰਝ ਕੈਨੇਡਾ ਸਰਕਾਰ ਨੂੰ ਇਸ ਮਾਮਲੇ ’ਤੇ ਹੁਣ ਦੂਜੀ ਵਾਰ ਅਪਣਾ ਸਪੱਸ਼ਟੀਕਰਣ ਦੇਣਾ ਪਿਆ ਹੈ।
ਉਧਰ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰੀਆ, ਜੋ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਦੇ ਮੈਂਬਰ ਹਨ, ਨੇ ਇਸ ਮਾਮਲੇ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦਿਆਂ ਇੰਦਰਾ ਗਾਂਧੀ ਨਾਲ ਸਬੰਧਤ ਝਾਕੀ ਦੀ ਸਖ਼ਤ ਨਿਖੇਧੀ ਕੀਤੀ ਸੀ। ਉਨ੍ਹਾਂ ਲਿਖਿਆ ਸੀ - ‘ਜਿਸ ਤਰੀਕੇ ਨਾਲ ਪੋਸਟਰਾਂ ’ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦਾ ਦ੍ਰਿਸ਼ ਵਿਖਾਇਆ ਗਿਆ ਹੈ, ਉਸ ਤੋਂ ਕੈਨੇਡਾ ਦੇ ਹਿੰਦੂਆਂ ’ਚ ਡਰ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’
(For more Punjabi news apart from Canada reacts to posters of Indira Gandhi's killing, stay tuned to Rozana Spokesman)