ਪਾਕਿਸਤਾਨ ਦੇ ਕੱਟੜਵਾਦੀ ਸੰਗਠਨ ਦੇ ਮੁੱਖੀ ਦੀ ਮੌਤ ਦੇ ਸਦਮੇ ਵਿਚ ਪਤਨੀ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੁਲਿਸ ਨੇ ਦਿੱਤੀ ਜਾਣਕਾਰੀ

Pakistan radical cleric from who travelled

ਪੇਸ਼ਾਵਰ: ਪਾਕਿਸਤਾਨ ਦੇ ਕੱਟੜਵਾਦੀ ਮੌਲਾਨਾ ਸੁਫ਼ੀ ਮੁਹੰਮਦ ਦੀ ਮੌਤ ਦੇ ਕੁੱਝ ਘੰਟਿਆਂ ਬਾਅਦ ਉਸ ਦੀ ਪਤਨੀ ਦੀ ਵੀ ਸਦਮੇ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਾਬੰਦੀਸ਼ੁਦਾ ਕੱਟੜਵਾਦੀ ਸੰਗਠਨ ਦਾ ਪ੍ਰਮੁੱਖ 92 ਸਾਲਾ ਮੁਹੰਮਦ ਲੰਬੇ ਸਮੇਂ ਤੋਂ ਬਿਮਾਰ ਸੀ। ਵੀਰਵਾਰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਅਫ਼ਗਾਨਿਸਤਾਨ ਵਿਚ 2001 ਵਿਚ ਅਮਰੀਕਾ ਸਮਰਥਨ ਪ੍ਰਾਪਤ ਹਮਲਿਆਂ ਤੋਂ ਬਾਅਦ ਮੁਹੰਮਦ ਨੇ ਅੰਤਰਾਸ਼ਟਰੀ ਬਲਾਂ ਵਿਰੁੱਧ ਲੜਾਈ ਲੜੀ ਸੀ।

ਮੁਹੰਮਦ ਦੀ ਪਤਨੀ ਬਰਖ਼ਾਨੇ ਬੀਬੀ ਉਸ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸਕੀ ਅਤੇ ਵੀਰਵਾਰ ਦੇਰ ਰਾਤ ਉਸ ਨੇ ਵੀ ਦਮ ਤੋੜ ਦਿੱਤਾ। ਬਰਖ਼ਾਨੇ ਮੁਹੰਮਦ ਦੀ ਤੀਜੀ ਪਤਨੀ ਸੀ ਜਿਸ ਨਾਲ ਉਸ ਦੇ ਦੋ ਪਤਨੀਆਂ ਦੀ ਮੌਤ ਤੋਂ ਬਾਅਦ ਵਿਆਹ ਕੀਤਾ ਸੀ। ਮੁਹੰਮਦ ਤਹਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਪ੍ਰਮੁੱਖ ਮੌਲਾਨਾ ਫ਼ਜ਼ਲੁਲਾਹ ਦਾ ਸੋਹਰਾ ਸੀ। ਮੁਹੰਮਦ ਨੇ 1992 ਵਿਚ ਪਾਕਿਸਤਾਨ ਵਿਚ ਸ਼ਰਿਆ ਕਾਨੂੰਨ ਲਾਗੂ ਕਰਨ ਦੇ ਉਦੇਸ਼ ਨਾਲ ਤਹਰੀਕ-ਏ-ਨਫ਼ਜ਼-ਏ-ਸ਼ਰੀਅਤ-ਏ-ਮੁਹੰਮਦੀ ਨਾਮ ਦੇ ਕੱਟੜਵਾਦੀ ਸੰਗਠਨ ਦੀ ਸਥਾਪਨਾ ਕੀਤੀ ਸੀ।

ਇਸ ਕੱਟੜਵਾਦੀ ਸਮੂਹ ਨੇ 2007 ਵਿਚ ਸਵਾਤ ਦੇ ਜ਼ਿਆਦਾਤਰ ਹਿੱਸਿਆਂ 'ਤੇ ਕਬਜ਼ਾ ਕੀਤਾ ਸੀ। ਹਾਲਾਂਕਿ ਤਤਕਾਲੀਨ ਰਾਸ਼ਟਰਪਤੀ ਜਰਨਲ ਪਰਵੇਜ ਮੁਸ਼ੱਰਫ਼ ਨੇ ਜਨਵਰੀ 2002 ਵਿਚ ਇਸ ਸੰਗਠਨ 'ਤੇ ਪਾਬੰਦੀ ਲਗਾ ਦਿੱਤੀ ਸੀ। ਮੁਹੰਮਦ ਨੇ ਪਾਕਿਸਤਾਨ ਦੇ ਸੰਵਿਧਾਨ ਨੂੰ ਗੈਰ ਇਸਲਾਮਿਕ ਦਸਦੇ ਹੋਏ ਦੇਸ਼ ਵਿਚ ਸ਼ਰੀਆ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਸੀ।

ਮਲਕੰਤ ਖੇਤਰ ਵਿਚ ਅਤਿਵਾਦੀਆਂ ਵਿਰੁੱਧ ਸ਼ੁਰੂ ਕੀਤੇ ਗਏ ਅਹਿਮ ਅਭਿਐਨ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। 2018 ਵਿਚ ਸਿਹਤ ਦੇ ਆਧਾਰ ਤੇ ਮੁਹੰਮਦ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਉਸ ਵਿਰੁਧ ਕਈ ਮਾਮਲੇ ਦਰਜ ਕੀਤੇ ਗਏ ਸਨ। ਉਸ ਦੇ ਹਰ ਕੇਸ ਵਿਚ ਜਾਂ ਤਾਂ ਗਵਾਹ ਦੀ ਮੌਤ ਹੋ ਗਈ ਜਾਂ ਉਸ ਦਾ ਪਤਾ ਨਹੀਂ ਲਗਾ ਸਕਿਆ।