ਜ਼ਬਰਦਸਤੀ ਵਿਆਹ, ਰੋਜ਼ ਕੁਕਰਮ, ਬਰਤਾਨੀਆ ਸੁੰਦਰੀ ਨੇ ਬਿਆਨ ਕੀਤਾ ਦਰਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੂਬੀ ਦੀ ਉਮਰ ਸਿਰਫ 15 ਸਾਲ ਹੋਣ ਕਾਰਨ ਉਸ ਲਈ ਇਹ ਸਮਝਣਾ ਵੀ ਔਖਾ ਸੀ ਕਿ ਉਸ ਦੇ ਪਤੀ ਨੇ ਉਸ ਨਾਲ ਅਜਿਹਾ ਕਿਉਂ ਕੀਤਾ।

Rubie Marie, British beauty queen

ਲੰਡਨ , ( ਭਾਸ਼ਾ ) : ਬਰਤਾਨੀਆ ਦੀ ਸੁੰਦਰੀ ਰੂਬੀ ਮੈਰੀ ਨੇ ਦੱਸਿਆ ਕਿ ਉਸ ਦਾ ਵਿਆਹ ਜ਼ਬਰਦਸਤੀ ਕਰਵਾਇਆ ਗਿਆ ਸੀ। ਇਕ ਇੰਟਰਵਿਊ ਦੌਰਾਨ ਰੂਬੀ ਨੇ ਦੱਸਿਆ ਕਿ ਉਹ 15 ਸਾਲ ਦੀ ਸੀ ਜਦ ਉਸ ਦੇ ਮਾਤਾ-ਪਿਤਾ ਉਸ ਨੂੰ ਲੈ ਕੇ ਬੰਗਲਾਦੇਸ਼ ਆ ਗਏ। ਬੰਗਲਾਦੇਸ਼ ਆਉਣ ਤੋਂ ਬਾਅਦ ਉਸ ਦੇ ਪਰਵਾਰ ਵਾਲਿਆਂ ਨੇ ਉਸ ਦਾ ਵਿਆਹ ਉਸ ਤੋਂ ਦੁਗਣੀ ਉਮਰ ਦੇ ਵਿਅਕਤੀ ਨਾਲ ਕਰ ਦਿਤਾ। ਉਹ ਸ਼ਖਸ ਉਸ ਨੂੰ ਗਰਭਵਤੀ ਕਰਨਾ ਚਾਹੁੰਦਾ ਸੀ ਤਾਂ ਕਿ ਉਸ ਨੂੰ ਵੀ ਬਰਤਾਨੀਆ ਦੀ ਨਾਗਰਿਕਤਾ ਮਿਲ ਸਕੇ।

ਰੂਬੀ ਨੇ ਕਿਹਾ ਕਿ ਉਸ ਨੂੰ ਇਸ ਸ਼ੋਸ਼ਣ ਤੋਂ ਉਸ ਸਮੇਂ ਛੁਟਕਾਰਾ ਮਿਲਿਆ ਜਦ ਉਹ ਅਪਣੇ ਬੱਚੇ ਨੂੰ ਜਨਮ ਦੇਣ ਲਈ ਅਪਣੇ ਘਰ ਵੇਲਸ ਆਈ। ਰੂਬੀ ਮੁਤਾਬਕ ਇਹ ਸੱਭ ਕੁਝ ਇਕ ਡਰਾਉਣੇ ਸੁਪਨੇ ਵਾਂਗ ਸੀ। ਰੂਬੀ ਦੇ ਪਿਤਾ ਨੇ ਕਿਹਾ ਕਿ ਅਜਿਹਾ ਬਿਲਕੁਲ ਨਾ ਹੁੰਦਾ ਜੇਕਰ ਅਸੀਂ ਰੂਬੀ ਦਾ ਵਿਆਹ ਨਾ ਕੀਤਾ ਹੁੰਦਾ। ਰੂਬੀ ਦੀ ਉਮਰ ਸਿਰਫ 15 ਸਾਲ ਹੋਣ ਕਾਰਨ ਉਸ ਲਈ ਇਹ ਸਮਝਣਾ ਵੀ ਔਖਾ ਸੀ ਕਿ ਉਸ ਦੇ ਪਤੀ ਨੇ ਉਸ ਨਾਲ ਅਜਿਹਾ ਕਿਉਂ ਕੀਤਾ। ਹੁਣ 35 ਸਾਲ ਦੀ ਹੋ ਚੁੱਕੀ ਰੂਬੀ ਮੈਰੀ ਨੇ ਅਪਣੇ ਵਿਆਹ ਦਾ ਤਜ਼ਰਬਾ ਵੀ ਸਾਂਝਾ ਕੀਤਾ ਹੈ।

ਉਹਨਾਂ ਕਿਹਾ ਕਿ ਮੇਰਾ ਪਤੀ ਮੇਰੇ ਨਾਲ ਚੰਗਾ ਵਿਹਾਰ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਬਾਅਦ ਵਿਚ ਉਹ ਹਰ ਰਾਤ ਮੇਰੇ ਨਾਲ ਬਲਾਤਕਾਰ ਕਰਦਾ ਸੀ। ਉਹ ਜਾਣਦਾ ਸੀ ਕਿ ਮੈਂ ਘਰ ਜਾਣਾ ਚਾਹੁੰਦੀ ਹਾਂ। ਰੂਬੀ ਨੇ ਗਰਭਵਤੀ ਨਾ ਹੋਣ ਲਈ ਗਰਭ ਨਿਰੋਧਕ ਗੋਲੀਆਂ ਖਾਣੀਆਂ ਸ਼ੁਰੂ ਕਰ ਦਿਤੀਆਂ ਸਨ। ਇਹ ਗਰਭਨਿਰੋਧਕ ਗੋਲੀਆਂ ਉਸ ਨੂੰ ਉਸ ਦੀ ਭੈਣ ਨੇ ਦਿਤੀਆਂ ਸਨ। ਉਸ ਦੇ ਪਤੀ ਨੂੰ ਛੇਤੀ ਹੀ ਇਸ ਗੱਲ ਦਾ ਪਤਾ ਲਗ ਗਿਆ

ਅਤੇ ਉਸ ਨੇ ਉਹ ਗੋਲੀਆਂ ਰੂਬੀ ਕੋਲੋਂ ਖੋਹ ਲਈਆਂ। ਬਾਅਦ ਵਿਚ ਰੂਬੀ ਗਰਭਵਤੀ ਹੋ ਗਈ ਅਤੇ ਉਸ ਨੇ ਇਕ ਚੁਣੌਤੀਗ੍ਰਸਤ ਬੱਚੀ ਨੂੰ ਸਮੇਂ ਤੋਂ ਪਹਿਲਾਂ ਜਨਮ ਦਿਤਾ। ਇਸ ਤੋਂ ਬਾਅਦ ਰੂਬੀ ਨੇ 30 ਤੋਂ ਵੱਧ ਉਮਰ ਦੀ ਮਹਿਲਾ ਵਰਗ ਵਿਚ ਮਿਸ ਗੈਲੇਕਸੀ ਯੂਕੇ ਮੁਕਾਬਲੇ ਵਿਚ ਹਿੱਸਾ ਲਿਆ। ਜਿਸ ਵਿਚ ਉਸ ਨੂੰ ਜੇਤੂ ਐਲਾਨਿਆ ਗਿਆ। ਮੌਜੂਦਾ  ਸਮੇਂ ਵਿਚ ਰੂਬੀ ਮੈਰੀ ਕੋਲ ਮਿਸ ਯੂਨਾਈਟੇਡ ਕਿੰਗਡਮ ਅਰਥ ਦਾ ਖਿਤਾਬ ਹੈ।