74 ਸਾਲਾਂ ਬਾਅਦ ਮਿਲੇ 1947 ਦੀ ਵੰਡ ਦੇ ਵਿਛੜੇ ਦੋ ਭਰਾ, ਇਕ-ਦੂਜੇ ਨੂੰ ਵੇਖ ਅੱਖਾਂ 'ਚ ਆ ਗਏ ਹੰਝੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

80 ਸਾਲਾ ਮੁਹੰਮਦ ਸਦੀਕ, ਜੋ ਕਿ ਪਾਕਿਸਤਾਨ ਦੇ ਫ਼ੈਸਲਾਬਾਦ ਸ਼ਹਿਰ ਵਿਚ ਰਹਿੰਦੇ ਹਨ, ਉਹ 1947 'ਚ ਭਾਰਤ ਦੀ ਵੰਡ ਸਮੇਂ ਆਪਣੇ ਪਰਿਵਾਰ ਤੋਂ ਵਿੱਛੜ ਹੋ ਗਏ ਸਨ।

Brothers Separated During Partition Reunite at Kartarpur Sahib After 74 Years

ਲਾਹੌਰ: 1947 'ਚ ਭਾਰਤ ਦੀ ਵੰਡ ਕਾਰਨ ਵੱਖ ਹੋਏ ਦੋ ਭਰਾਵਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਜਿਉਂਦੇ ਜੀਅ ਇੱਕ-ਦੂਜੇ ਨੂੰ ਮਿਲ ਸਕਣਗੇ ਪਰ ਰੱਬ ਦੀ ਮਰਜ਼ੀ ਹੋਵੇ ਤਾਂ ਸਭ ਕੁਝ ਸੰਭਵ ਹੈ। ਅਜਿਹਾ ਹੀ ਚਮਤਕਾਰ ਪਾਕਿਸਤਾਨ 'ਚ ਕਰਤਾਰਪੁਰ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ 'ਚ ਵੇਖਣ ਨੂੰ ਮਿਲਿਆ, ਜਿੱਥੇ ਆਜ਼ਾਦੀ ਦੇ ਸਮੇਂ ਤੋਂ ਵੱਖ ਹੋਏ ਦੋ ਭਰਾ 74 ਸਾਲਾਂ ਬਾਅਦ ਇੱਕ-ਦੂਜੇ ਨੂੰ ਮਿਲੇ।

Brothers Separated During Partition Reunite at Kartarpur Sahib After 74 Years

80 ਸਾਲਾ ਮੁਹੰਮਦ ਸਦੀਕ, ਜੋ ਕਿ ਪਾਕਿਸਤਾਨ ਦੇ ਫ਼ੈਸਲਾਬਾਦ ਸ਼ਹਿਰ ਵਿਚ ਰਹਿੰਦੇ ਹਨ, ਉਹ 1947 'ਚ ਭਾਰਤ ਦੀ ਵੰਡ ਸਮੇਂ ਆਪਣੇ ਪਰਿਵਾਰ ਤੋਂ ਵਿੱਛੜ ਹੋ ਗਏ ਸਨ। ਉਨ੍ਹਾਂ ਦਾ ਭਰਾ ਹਬੀਬ ਉਰਫ਼ ਸ਼ੈਲਾ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਅਧੀਨ ਆਉਂਦੇ ਪਿੰਡ ਫੁੱਲਾਂਵਾਲਾ 'ਚ ਰਹਿੰਦਾ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਦੋਹਾਂ ਭਰਾਵਾਂ ਨੂੰ ਇਕ-ਦੂਜੇ ਨੂੰ ਮਿਲਣ ਦਾ ਯਾਦਗਾਰੀ ਮੌਕਾ ਮਿਲਿਆ।

Kartarpur Sahib

7 ਦਹਾਕਿਆਂ ਲੰਮੀ ਉਡੀਕ ਅਤੇ ਵਿਛੋੜੇ ਦਾ ਦਰਦ ਦੋਹਾਂ ਭਰਾਵਾਂ ਦੀਆਂ ਅੱਖਾਂ 'ਚੋਂ ਹੰਝੂ ਬਣ ਕੇ ਵੱਗ ਰਿਹਾ ਸੀ। ਉਨ੍ਹਾਂ ਨੇ ਇਕ-ਦੂਜੇ ਨੂੰ ਘੁੱਟ ਕੇ ਜੱਫੀ ਪਾ ਲਈ। ਇਹ ਖੂਬਸੂਰਤ ਪਲ ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲਾ ਸੀ। ਮੌਕੇ 'ਤੇ ਮੌਜੂਦ ਭਾਰਤੀ ਸ਼ਰਧਾਲੂ ਅਤੇ ਪਾਕਿਸਤਾਨੀ ਨਾਗਰਿਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।

Brothers Separated During Partition Reunite at Kartarpur Sahib After 74 Years

ਵੰਡ ਵੇਲੇ ਵਿਛੜੇ ਇਨ੍ਹਾਂ ਦੋਹਾਂ ਭਰਾਵਾਂ ਦੀ ਮੁਲਾਕਾਤ 'ਤੇ ਸਾਰਿਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ।  ਭਾਰਤ, ਪਾਕਿਸਤਾਨ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਇਨ੍ਹਾਂ ਦੋਹਾਂ ਭਰਾਵਾਂ ਨੂੰ ਵਧਾਈ ਦਿੱਤੀ।  ਦੋਵਾਂ ਨੇ ਆਪਣੇ ਬਚਪਨ ਅਤੇ ਜਵਾਨੀ ਦੇ ਕਿੱਸੇ ਵੀ ਸੁਣਾਏ। ਸੋਸ਼ਲ ਮੀਡੀਆ ਉੱਤੇ ਦਿਲ ਨੂੰ ਛੋਹ ਲੈਣ ਵਾਲੀ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 ਸਪੋਕਸਮੈਨ ਨੇ ਫੂਲੋਵਾਲ ਦੇ ਰਹਿਣ ਵਾਲੇ ਸਿੱਕਾ ਖਾਨ ਨਾਲ ਗੱਲਬਾਤ ਕੀਤੀ। ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ 74 ਸਾਲਾਂ ਬਾਅਦ ਇੱਕ-ਦੂਜੇ ਨੂੰ ਮਿਲੇ ਸੀ। ਇਕ ਦੂਜੇ ਨੂੰ ਵੇਖ ਕੇ ਅੱਖਾਂ ਵਿਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਉਹਨਾਂ ਕਿਹਾ ਕਿ ਉਹ 6 ਕੁ ਮਹੀਨਿਆਂ ਦੇ ਸਨ ਜਦੋਂ ਉਹ ਵਿਛੜ ਗਏ ਸਨ। ਉਹਨਾਂ ਦਾ ਭਰਾ ਪਾਕਿਸਤਾਨ ਚਲਾ ਗਿਆ ਤੇ ਮੇਰੀ ਮਾਂ ਮੈਨੂੰ ਇੱਧਰ ਲੈ ਆਈ।

 

ਮਾਂ ਦਾ 1947 ਦੀ ਵੰਡ ਵੇਲੇ ਦਿਮਾਗੀ ਸੰਤੁਲਨ ਵਿਗੜ ਗਿਆ। ਦਿਮਾਗੀ ਸੰਤੁਲਨ ਵਿਗੜਨ ਨਾਲ ਉਸਨੇ ਨਹਿਰ ਵਿਚ ਛਾਲ ਮਾਰ ਦਿੱਤੀ 'ਤੇ ਮੈਨੂੰ ਮੇਰੇ ਨਾਨਕਿਆ ਨੇ ਪਾਲ ਪੋਸ ਕੇ ਵੱਡਾ ਕੀਤਾ। ਪੱਤਰਕਾਰਾਂ ਦੇ ਸਹਿਯੋਗ ਨਾਲ ਸਾਡੇ ਦੋਵਾਂ ਭਰਾਵਾਂ ਦਾ ਮਿਲਾਪ ਹੋਇਆ ਹੈ। ਪੱਤਰਕਾਰਾਂ ਨੇ ਮੇਰੇ ਭਰਾ ਨੂੰ ਲੱਭਿਆ ਤੇ ਫਿਰ ਮੈਨੂੰ ਮਿਲਣ ਲਈ ਬੁਲਾਇਆ। ਫਿਰ ਅਸੀਂ ਦੋਵੇਂ ਕਰਤਾਰਪੁਰ ਸਾਹਿਬ ਮਿਲੇ। ਉਹਨਾਂ ਨੂੰ ਆਉਣ ਵਿਚ ਦੇਰੀ ਹੋ ਗਈ 'ਤੇ ਸਾਨੂੰ ਗੱਲਾਂ ਕਰਨ ਦਾ ਸਮਾਂ ਨਹੀਂ ਮਿਲਿਆ। ਮੇਰੇ ਭਰਾ ਨੇ ਮੇਰੀ ਮਾਂ ਬਾਰੇ ਪੁੱਛਿਆ ਕਿ ਮਾਂ ਕਿਥੇ ਹੈ। ਮੈਂ ਕਿਹਾ ਉਹ ਇਧਰ ਹੀ ਮਰ ਗਈ ਸੀ।

ਮੈਂ ਉਸ ਤੋਂ ਪਿਓ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਤਾਂ ਇਧਰ ਹੀ ਜਗਰਾਉਂ ਮਰ ਗਿਆ ਸੀ ਤੇ ਭੈਣ ਬੀਮਾਰ ਹੋ ਗਈ ਸੀ ਤੇ ਉਸਨੇ ਵੀ ਦਮ ਤੋੜ ਦਿੱਤਾ ਸੀ ਤੇ ਮੈਂ ਅੱਗੇ ਪਾਕਿਸਤਾਨ ਲੰਘ ਗਿਆ ਤੇ ਉਧਰ ਹੀ ਮੇਰਾ ਵਿਆਹ ਹੋਇਆ। ਸਿੱਕਾ ਖਾਨ ਨੇ ਦੱਸਿਆ ਕਿ ਆਪਣੇ ਭਰਾ ਨੂੰ ਵੇਖ ਕੇ ਜੋ ਖੁਸ਼ੀ ਮਹਿਸੂਸ ਹੋਈ ਉਹ ਬਿਆਨ ਨਹੀਂ ਕਰ ਸਕਦਾ। ਸਿੱਕਾ ਖਾਨ ਨੇ ਸਰਕਾਰ  ਤੋਂ ਮੰਗ ਕੀਤੀ ਹੈ ਕਿ ਸਾਡਾ ਵੀ ਵੀਜ਼ਾ ਲੱਗੇ ਤੇ ਉਹਨਾਂ ਦੇ ਭਰਾ ਦਾ ਵੀ ਵੀਜ਼ਾ ਲੱਗੇ ਤਾਂ ਜੋ ਉਹ ਇਸ ਦੂਜੇ ਨਾਲ  ਸਮਾਂ ਬਤੀਤ ਕਰ ਸਕਣ ਤੇ  ਇਕ ਦੂਜੇ ਦੇ ਪਰਿਵਾਰਾਂ ਨੂੰ ਮਿਲ ਸਕਣ।