ਪ੍ਰਿੰਸ ਹੈਰੀ ਦੀ ਕਿਤਾਬ Spare ਨੇ ਵਿਕਰੀ ਦੇ ਤੋੜੋ ਰਿਕਾਰਡ, ਇਕ ਦਿਨ ਵਿਚ ਵਿਕੀਆਂ 14 ਲੱਖ ਕਾਪੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਦੀ ਕਿਤਾਬ ‘ਬਿਕਮਿੰਗ’ ਦੀਆਂ ਇਕ ਹਫਤੇ 'ਚ 14 ਲੱਖ ਕਾਪੀਆਂ ਵਿਕੀਆਂ ਸਨ।

1.4 Million Copies Of Prince Harry's Memoir 'Spare' Sold On 1st Day In UK



ਲੰਡਨ: ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਦੀ ਕਿਤਾਬ 'ਸਪੇਅਰ' ਵਿਕਰੀ ਦੇ ਰਿਕਾਰਡ ਕਾਇਮ ਕਰ ਰਹੀ ਹੈ। ਪੈਂਗੁਇਨ ਰੈਂਡਮ ਹਾਊਸ ਨੇ ਐਲਾਨ ਕੀਤਾ ਕਿ ਹੈਰੀ ਦੀ ਕਿਤਾਬ ਦੀਆਂ ਪਹਿਲੇ ਦਿਨ 1.4 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ ਗਈਆਂ। ਕੰਪਨੀ ਦੁਆਰਾ ਪ੍ਰਕਾਸ਼ਿਤ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਦੀ ਕਿਤਾਬ ‘ਬਿਕਮਿੰਗ’ ਦੀਆਂ ਇਕ ਹਫਤੇ 'ਚ 14 ਲੱਖ ਕਾਪੀਆਂ ਵਿਕੀਆਂ ਸਨ।

‘ਬਿਕਮਿੰਗ’ 2018 ਵਿਚ ਪ੍ਰਕਾਸ਼ਿਤ ਹੋਈ ਸੀ, ਉਦੋਂ ਤੋਂ ਹੁਣ ਤੱਕ ਦੁਨੀਆ ਭਰ ਵਿਚ ਇਸ ਦੀਆਂ 15 ਮਿਲੀਅਨ ਕਾਪੀਆਂ ਵਿਕ ਚੁੱਕੀਆਂ ਹਨ। ਸਪੇਅਰ ਦੀ ਵਿਕਰੀ ਦੇ ਅੰਕੜਿਆਂ ਵਿਚ ਅਮਰੀਕਾ, ਕੈਨੇਡਾ ਅਤੇ ਯੂਕੇ ਵਿਚ ਵੇਚੇ ਗਏ ਹਾਰਡਕਵਰ, ਆਡੀਓਬੁੱਕ ਅਤੇ ਈ-ਬੁੱਕ ਐਡੀਸ਼ਨ ਸ਼ਾਮਲ ਹਨ। ਰੈਂਡਮ ਹਾਊਸ ਗਰੁੱਪ ਦੀ ਪ੍ਰਧਾਨ ਅਤੇ ਪ੍ਰਕਾਸ਼ਕ ਜੀਨਾ ਸੈਂਟਰੇਲਾ ਨੇ ਇਕ ਬਿਆਨ ਵਿਚ ਕਿਹਾ, "'ਸਪੇਅਰ' ਇਕ ਅਜਿਹੇ ਆਦਮੀ ਦੀ ਕਹਾਣੀ ਹੈ ਜਿਸ ਬਾਰੇ ਅਸੀਂ ਸੋਚਦੇ ਸੀ ਕਿ ਅਸੀਂ ਸਭ ਕੁਝ ਜਾਣਦੇ ਹਾਂ, ਪਰ ਹੁਣ ਅਸੀਂ ਰਾਜਕੁਮਾਰ ਨੂੰ ਸੱਚਮੁੱਚ ਜਾਣਦੇ ਹਾਂ"।

ਉਹਨਾਂ ਅੱਗੇ ਕਿਹਾ, "ਪਹਿਲੇ ਦਿਨ ਦੀ ਵਿਕਰੀ ਨੂੰ ਦੇਖਦੇ ਹੋਏ, ਇਹ ਸਪੱਸ਼ਟ ਹੈ ਕਿ ਪਾਠਕ ਇਸ ਗੱਲ ਨਾਲ ਸਹਿਮਤ ਹਨ ਕਿ 'ਸਪੇਅਰ' ਇਕ ਅਜਿਹੀ ਕਿਤਾਬ ਹੈ ਜਿਸ ਨੂੰ ਪੜ੍ਹਨ ਦੀ ਜ਼ਰੂਰਤ ਹੈ ਅਤੇ ਇਹ ਇਕ ਅਜਿਹੀ ਕਿਤਾਬ ਹੈ ਜਿਸ ਨੂੰ ਪ੍ਰਕਾਸ਼ਿਤ ਕਰਨ 'ਤੇ ਸਾਨੂੰ ਮਾਣ ਹੈ।"

ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਰਾਜਕੁਮਾਰ ਨੇ ਆਪਣੀ ਕਿਤਾਬ 'ਸਪੇਅਰ' 'ਚ ਨਿੱਜੀ ਭਾਵਨਾਤਮਕ ਉਤਰਾਅ-ਚੜ੍ਹਾਅ ਅਤੇ ਪਰਿਵਾਰਕ ਰਿਸ਼ਤਿਆਂ ਬਾਰੇ ਲਿਖਿਆ ਹੈ। ਇਸ ਕਿਤਾਬ ਵਿਚ ਪ੍ਰਿੰਸ ਹੈਰੀ ਨੇ 17 ਸਾਲ ਦੀ ਉਮਰ ਵਿਚ ਕੋਕੀਨ ਲੈਣ, ਆਪਣੇ ਤੋਂ ਵੱਡੀ ਔਰਤ ਨਾਲ ਸਬੰਧ ਬਣਾਉਣ, ਵੱਡੇ ਭਰਾ ਵਿਲੀਅਮ ਨਾਲ ਕੁੱਟਮਾਰ ਕਰਨਾ, ਮੇਘਨ ਨਾਲ ਵਿਆਹ ਕਰਨਾ ਅਤੇ ਸ਼ਾਹੀ ਪਰਿਵਾਰ ਛੱਡਣਾ ਸਮੇਤ ਕਈ ਨਿੱਜੀ ਖੁਲਾਸੇ ਕੀਤੇ ਹਨ।