ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਲੱਗੀਆਂ ਵਿਸਾਖੀ ਦੀਆਂ ਰੌਣਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਬੀਤੇ ਦਿਨ ਭਾਰਤ ਤੋਂ ਰੇਲ ਗੱਡੀ ਰਾਹੀਂ 839 ਸਿੱਖ ਸ਼ਰਧਾਲੂ ਪੰਜਾ ਸਾਹਿਬ ਪਹੁੰਚੇ ਹਨ।

Gurdwara Panja Sahib

ਲਾਹੌਰ (ਬਾਬਰ ਜਲੰਧਰੀ): ਜੰਨਤ ਵਰਗਾ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਇਹ ਤਸਵੀਰਾਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀਆਂ ਹਨ। ਜਿੱਥੇ ਵਿਸਾਖੀ ਮੌਕੇ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸ਼ਾਨਦਾਰ ਸਜ਼ਾਵਟ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਨੂੰ ਸੁੰਦਰ ਫੁੱਲਾਂ ਅਤੇ ਲਾਈਟਾਂ ਦੀ ਲੜੀਆਂ ਨਾਲ ਸਜਾਇਆ ਗਿਆ ਹੈ।

ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਬੀਤੇ ਦਿਨ ਭਾਰਤ ਤੋਂ ਰੇਲ ਗੱਡੀ ਰਾਹੀਂ 839 ਸਿੱਖ ਸ਼ਰਧਾਲੂ ਪੰਜਾ ਸਾਹਿਬ ਪਹੁੰਚੇ ਹਨ। ਇਸ ਮੌਕੇ ਸਿੱਖ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸਿੱਖ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।

ਦਸ ਦਈਏ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਿੱਖ ਸ਼ਰਧਾਲੂਆਂ ਦਾ ਜਥਾ 15 ਅਪ੍ਰੈਲ ਨੂੰ ਸ੍ਰੀ ਨਨਕਾਣਾ ਸਾਹਿਬ, 17 ਅਪ੍ਰੈਲ ਨੂੰ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਅਤੇ ਫਿਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਇਹ ਜਥਾ 21 ਅਪ੍ਰੈਲ ਨੂੰ ਅਟਾਰੀ ਸਰਹੱਦ ਰਸਤੇ ਵਾਪਸ ਭਾਰਤ ਪਰਤੇਗਾ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਗੁਰਦੁਆਰੇ ਪੰਜਾ ਸਾਹਿਬ ਵਿਚ ਵੈਸਾਖੀ ਦਾ ਜਸ਼ਨ ਮਨਾਉਣ ਲਈ ਸ਼ੁੱਕਰਵਾਰ ਨੂੰ ਕਈ ਸਿੱਖ ਯਾਤਰੀ ਪਾਕਿਸਤਾਨ ਪਹੁੰਚੇ ਹਨ। ਦੋ ਵਿਸ਼ੇਸ਼ ਰੇਲਗੱਡੀਆਂ ਵਿਚ ਵਾਘਾ ਰੇਲਵੇ ਸਟੇਸ਼ਨ ਪਹੁੰਚੇ ਤੀਰਥ ਯਾਤਰੀਆਂ ਦਾ ਸਵਾਗਤ ਇਵੈਕਿਉ ਟ੍ਰਸਟ ਪ੍ਰਾਪਰਟੀ ਬੋਰਡ ਦੇ ਸੈਕਟਰੀ ਤਾਰਿਕ ਖਾਨ ਅਤੇ ਪਾਕਿਸਤਾਨ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਤਾਰਾ ਸਿੰਘ ਨੇ ਕੀਤਾ।