ਇੰਡੋਨੇਸ਼ੀਆ 'ਚ ਲਾਪਤਾ ਜਹਾਜ਼ ਦਾ ਮਲਬਾ ਮਿਲਿਆ, 8 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਡੋਨੇਸ਼ੀਆ ਦੇ ਪਹਾੜੀ ਇਲਾਕੇ 'ਚ ਐਤਵਾਰ ਨੂੰ ਇਕ ਜਹਾਜ਼ ਦਾ ਮਲਬਾ ਮਿਲਿਆ..............

Missing Plane Debris

ਜਕਾਰਤਾ : ਇੰਡੋਨੇਸ਼ੀਆ ਦੇ ਪਹਾੜੀ ਇਲਾਕੇ 'ਚ ਐਤਵਾਰ ਨੂੰ ਇਕ ਜਹਾਜ਼ ਦਾ ਮਲਬਾ ਮਿਲਿਆ। ਇਹ ਜਹਾਜ਼ ਸਨਿਚਰਵਾਰ ਨੂੰ ਲਾਪਤਾ ਹੋਇਆ ਸੀ। ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। ਬਚਣ ਵਾਲਿਆਂ 'ਚ 12 ਸਾਲ ਦਾ ਬੱਚਾ ਹੈ। ਦਸਿਆ ਜਾ ਰਿਹਾ ਹੈ ਕਿ ਉਡਾਨ ਭਰਨ ਦੇ 40 ਮਿੰਟ ਬਾਅਦ ਹੀ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਐਸ.) ਤੋਂ ਜਹਾਜ਼ ਦਾ ਸੰਪਰਕ ਟੁੱਟ ਗਿਆ। ਪਾਪੁਆ ਦੇ ਫ਼ੌਜੀ ਬੁਲਾਰੇ ਲੈਫ਼ਟੀਨੈਂਟ ਕਰਨਲ ਦਾਕਸ ਸਿਆਨਤੁਰੀ ਨੇ ਦਸਿਆ ਕਿ ਜਹਾਜ਼ 'ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਬੱਚਾ ਜ਼ਿੰਦਾ ਮਿਲਿਆ ਹੈ। ਹਾਦਸਾ ਕਿਸ ਕਾਰਨ ਹੋਇਆ, ਇਸ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ।

ਜਹਾਜ਼ ਹਾਦਸੇ ਮਗਰੋਂ ਪਿੰਡ ਵਾਸੀਆਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਸੀ। ਖੋਜ ਅਤੇ ਬਚਾਅ ਦਲ ਦੇ ਕਰਮਚਾਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਪੁੱਜਣ ਵਿਚ ਦੋ ਘੰਟੇ ਦਾ ਸਮਾਂ ਲੱਗਾ। ਅਧਿਕਾਰੀਆਂ ਮੁਤਾਬਕ ਸਿੰਗਲ ਇੰਜਣ ਵਾਲਾ ਜਹਾਜ਼ ਉਡਾਣ ਭਰਨ ਦੇ 45 ਮਿੰਟ ਬਾਅਦ ਸਨਿਚਰਵਾਰ ਨੂੰ ਹਵਾਈ ਟ੍ਰੈਫ਼ਿਕ ਕੰਟਰੋਲ ਨਾਲ ਸੰਪਰਕ ਗੁਆ ਦਿਤਾ ਸੀ। ਜਹਾਜ਼ ਦਾ ਮਲਬਾ ਐਤਵਾਰ ਦੀ ਸਵੇਰ ਨੂੰ ਓਕਸੀਬਿਲ ਹਵਾਈ ਅੱਡੇ ਨੇੜੇ ਪਹਾੜੀ ਇਲਾਕੇ 'ਚ ਮਿਲਿਆ। ਫ਼ੌਜੀ ਬੁਲਾਰੇ ਲੈਫ਼ਟੀਨੈਂਟ ਕਰਨਲ ਨੇ ਦਸਿਆ ਕਿ 8 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ ਇਕ ਲੜਕਾ ਜ਼ਿੰਦਾ ਮਿਲਿਆ ਹੈ।

ਜਿਸ ਨੂੰ ਓਕਸੀਬਿਲ ਹਸਪਤਾਲ 'ਚ ਭਰਤੀ ਕਰਾਇਆ ਗਿਆ। ਫ਼ੌਜ ਨੇ ਇਕ ਬਿਆਨ ਵਿਚ ਕਿਹਾ ਕਿ ਲੜਕਾ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਅਤੇ ਉਨ੍ਹਾਂ ਨੇ ਹੋਰ ਕੋਈ ਜਾਣਕਾਰੀ ਨਹੀਂ ਦਿਤੀ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਜਹਾਜ਼ ਹਾਦਸੇ ਦਾ ਸ਼ਿਕਾਰ ਕਿਵੇਂ ਹੋਇਆ, ਇਸ ਦੀ ਵਜ੍ਹਾ ਸਾਫ਼ ਨਹੀਂ ਹੋ ਸਕੀ। ਉਨ੍ਹਾਂ ਦਸਿਆ ਕਿ ਮਾਮਲੇ ਦੀ ਜਾਂਚ ਰਾਸ਼ਟਰੀ ਟਰਾਂਸਪੋਰਟ ਸੁਰੱਖਿਆ ਬਿਉਰੋ ਵਲੋਂ ਕੀਤੀ ਜਾਵੇਗੀ। (ਪੀਟੀਆਈ)