ਰਾਫੇਲ ਵਿਵਾਦ : ਦਸਾਲਟ ਦੇ ਸੀਈਓ ਨੇ ਕਿਹਾ ਕਿ ਅਸੀਂ ਅੰਬਾਨੀ ਨੂੰ ਖ਼ੁਦ ਚੁਣਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਫੇਲ ਦੀ ਕੀਮਤ ਨੂੰ ਲੈ ਕੇ ਸੀਈਓ ਨੇ ਕਿਹਾ ਕਿ ਮੌਜੂਦਾ ਜਹਾਜ਼ 9 ਫ਼ੀ ਸਦੀ ਸਸਤੇ ਹਨ। 36 ਜਹਾਜ਼ਾਂ ਦੀ ਕੀਮਤ ਉਨ੍ਹੀ ਹੀ ਹੈ ਜਿਨ੍ਹੀ 18 ਜਹਾਜਾਂ ਦੀ ਸੀ।

CEO Dassault

ਨਵੀਂ ਦਿੱਲੀ, ( ਪੀਟੀਆਈ ) : ਰਾਫੇਲ ਸੌਦੇ ਨੂੰ ਲੈ ਕੇ ਜਾਰੀ ਵਿਵਾਦ ਵਿਚਕਾਰ ਦਸਾਲਟ ਦੇ ਸੀਈਓ ਐਰਿਕ ਟਰੈਪੀਅਰ ਨੇ ਦੱਸਿਆ ਕਿ ਉਹ ਭਾਰਤ ਦੇ ਨਾਲ ਕੰਮ ਕਰ ਰਹੇ ਹਨ ਕਿਸੀ ਇਕ ਪਾਰਟੀ ਦੇ ਲਈ ਨਹੀਂ। ਉਨ੍ਹਾਂ ਕਿਹਾ ਕਿ ਸਾਡਾ ਕਾਂਗਰਸ ਪਾਰਟੀ ਦੇ ਨਾਲ ਲੰਮਾ ਤਜ਼ਰਬਾ ਰਿਹਾ ਹੈ। ਸਾਡਾ ਪਹਿਲਾ ਸੌਦਾ ਸਾਲ 1953 ਵਿਖੇ ਨਹਿਰੂ ਦੇ ਨਾਲ ਹੋਇਆ ਸੀ। ਅਸੀਂ ਭਾਰਤੀ ਹਵਾਈਸੈਨਾ ਅਤੇ ਭਾਰਤ ਸਰਕਾਰ ਨੂੰ ਲੜਾਕੂ ਉਤਪਾਦਾਂ ਦੀ ਸਪਲਾਈ ਕਰ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਖੁਦ ਅੰਬਾਨੀ ਨੂੰ ਚੁਣਿਆ ਹੈ।

ਸਾਡੇ ਰਿਲਾਇੰਸ ਤੋਂ ਇਲਾਵਾ 30 ਹੋਰ ਪਾਰਟਨਰ ਵੀ ਹਨ। ਇਸ ਸੌਦੇ ਦਾ ਭਾਰਤੀ ਹਵਾਈਸੈਨਾ ਇਸ ਲਈ ਸਮਰਥਨ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਸਵੈ-ਰੱਖਿਆ ਲਈ ਲੜਾਕੂ ਜੈਟ ਜਹਾਜ਼ਾਂ ਦੀ ਲੋੜ ਹੈ। ਉਥੇ ਹੀ ਕਾਂਗਰਸ ਮੁਖੀ ਰਾਹੁਲ ਗਾਂਧੀ ਦੇ ਦੋਸ਼ਾਂ ਤੇ ਐਰਿਕ ਨੇ ਕਿਹਾ ਕਿ ਮੈਂ ਝੂਠ ਨਹੀਂ ਬੋਲਦਾ। ਜੋ ਸੱਚ ਮੈਂ ਪਹਿਲਾਂ ਬੋਲਿਆ ਹੈ ਅਤੇ ਜੋ ਬਿਆਨ ਦਿਤੇ ਹਨ ਉਹ ਪੂਰੀ ਤਰ੍ਹਾਂ ਸਹੀ ਹਨ। ਤੁਸੀਂ ਵੀ ਮੇਰੀ ਜਗ੍ਹਾ ਹੁੰਦੇ ਤਾਂ ਝੂਠ ਨਹੀਂ ਬੋਲਦੇ। ਰਾਫੇਲ ਦੀ ਕੀਮਤ ਨੂੰ ਲੈ ਕੇ ਸੀਈਓ ਨੇ ਕਿਹਾ ਕਿ ਮੌਜੂਦਾ ਜਹਾਜ਼ 9 ਫ਼ੀ ਸਦੀ ਸਸਤੇ ਹਨ। 36 ਜਹਾਜ਼ਾਂ ਦੀ ਕੀਮਤ ਉਨ੍ਹੀ ਹੀ ਹੈ ਜਿਨ੍ਹੀ  18 ਜਹਾਜਾਂ ਦੀ ਸੀ।

18 ਤੋਂ 36 ਦੋ ਗੁਣਾ ਹੈ ਅਜਿਹੇ ਵਿਚ ਇਹ ਕੀਮਤ ਦੁਗਣੀ ਹੋ ਜਾਣੀ ਚਾਹੀਦੀ ਸੀ। ਪਰ ਇਹ ਸਰਕਾਰ ਨਾਲ ਸਰਕਾਰ ਵਿਚਲਾ ਸੌਦਾ ਹੈ ਤਾਂ ਸਾਨੂੰ 9 ਫ਼ੀ ਸਦੀ ਤੱਕ ਕੀਮਤਾਂ ਘਟਾਉਣੀਆਂ ਪਈਆਂ। ਸਾਲ 2011 ਵਿਚ ਟਾਟਾ ਵੀ ਕਈ ਹੋਰ ਕੰਪਨੀਆਂ ਦੇ ਨਾਲ ਗੱਲਬਾਤ ਵਿਚ ਸੀ ਪਰ ਆਖਰ ਰਿਲਾਇੰਸ ਦੀ ਇੰਜੀਨੀਅਰਿੰਗ ਸਹੂਲਤਾਂ ਨੂੰ ਦੇਖਦੇ ਹੋਏ ਅਸੀਂ ਉਨ੍ਹਾਂ ਨੂੰ ਚੁਣਿਆ। ਰਾਫੇਲ ਜਹਾਜ਼  ਸਬੰਧੀ ਦਸਾਲਟ ਦੇ ਸੀਈਓ ਨੇ ਕਿਹਾ ਕਿ ਮੌਜੂਦਾ ਜਹਾਜ਼ਾਂ ਵਿਚ ਸਾਰੀਆਂ ਲੋੜੀਂਦੀਆਂ ਚੀਜ਼ਾਂ ਹਨ ਪਰ ਹਥਿਆਰਾਂ ਅਤੇ ਮਿਜ਼ਾਈਲਾਂ ਨੂੰ ਛੱਡ ਕੇ।

ਇਕ ਦੂਜੇ ਕਰਾਰ ਵਿਚ ਹਥਿਆਰ ਵੀ ਦਿਤੇ ਜਾਣਗੇ ਪਰ ਹਥਿਆਰਾਂ ਤੋਂ ਬਿਨਾਂ ਸਾਰੀਆਂ ਚੀਜ਼ਾਂ ਨਾਲ ਲੈਸ ਰਾਫੇਲ ਜਹਾਜ਼ ਦਸਾਲਟ ਦੇਵੇਗਾ। ਦੱਸ ਦਈਏ ਕਿ ਬੀਤੇ ਦਿਨ ਹੀ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ 36 ਰਾਫੇਲ ਜਹਾਜ਼ਾਂ ਦੀ ਖਰੀਦ ਸਬੰਧੀ ਕੀਤੇ ਗਏ ਫੈਸਲਿਆਂ ਦੇ ਵੇਰਵੇ ਵਾਲੇ ਦਸਤਾਵੇਜ਼ ਪਟੀਸ਼ਨਕਰਤਾਵਾਂ ਨੂੰ ਸੌਂਪ ਦਿਤੇ ਗਏ। ਖ਼ਬਰਾਂ ਮੁਤਾਬਕ ਰਾਫੇਲ ਜਹਾਜ਼ਾਂ ਦੀ ਖਰੀਦ ਵਿਚ ਰੱਖਿਆ ਖਰੀਦ ਪ੍ਰਕਿਰਿਆ 2013 ਵਿਚ ਨਿਰਧਾਰਤ ਸਾਰੀਆਂ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਹੈ।