ਲੋਕਾਂ ਨਾਲ ਕੰਮ ਕਰਨ ਨੂੰ ਤਰਜੀਹ ਦਿੰਦਿਆਂ ਨੇ ਔਰਤਾਂ, ਮਸ਼ੀਨਾਂ ਨਾਲ ਕੰਮ ਕਰਨਾ ਚਾਹੁੰਦੇ ਨੇ ਮਰਦ: ਸਰਵੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਨਤੀਜੇ 42 ਦੇਸ਼ਾਂ ਦੇ ਲੋਕਾਂ 'ਤੇ ਕੀਤੇ ਗਏ ਸਰਵੇਖਣ 'ਚ ਸਾਹਮਣੇ ਆਏ ਹਨ।

Women like working with people, men like working with things

 

ਨਵੀਂ ਦਿੱਲੀ: ਇਕ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਔਰਤਾਂ ਮਰਦਾਂ ਦੀ ਤੁਲਨਾ ਵਿਚ ਲੋਕਾਂ ਨਾਲ ਕੰਮ ਕਰਨਾ ਜ਼ਿਆਦਾ ਪਸੰਦ ਕਰਦੀਆਂ ਹਨ। ਦੂਜੇ ਪਾਸੇ ਮਰਦ ਉਹਨਾਂ ਨੌਕਰੀਆਂ ਨੂੰ ਤਰਜੀਹ ਦਿੰਦੇ ਹਨ ਜਿਸ ਵਿਚ ਉਹਨਾਂ ਨੂੰ ਲੋਕਾਂ ਦੀ ਬਜਾਏ ਚੀਜ਼ਾਂ ਨਾਲ ਕੰਮ ਕਰਨਾ ਪੈਂਦਾ ਹੈ। ਇਹ ਨਤੀਜੇ 42 ਦੇਸ਼ਾਂ ਦੇ ਲੋਕਾਂ 'ਤੇ ਕੀਤੇ ਗਏ ਸਰਵੇਖਣ 'ਚ ਸਾਹਮਣੇ ਆਏ ਹਨ।

ਸੈਕਸ ਰੋਲਜ਼ ਦੀ ਇਸ ਰਿਪੋਰਟ ਮੁਤਾਬਕ ਔਰਤਾਂ ਅਜਿਹੇ ਸਥਾਨਾਂ 'ਤੇ ਕੰਮ ਕਰਨਾ ਚਾਹੁੰਦੀਆਂ ਹਨ ਜਿੱਥੇ ਉਹਨਾਂ ਨੂੰ ਨਵੇਂ ਵਿਚਾਰਾਂ ਨਾਲ ਕੰਮ ਕਰਨਾ ਪਵੇ। ਜਦਕਿ ਮਰਦ ਡਾਟਾ ਆਧਾਰਿਤ ਨੌਕਰੀਆਂ ਨੂੰ ਤਰਜੀਹ ਦਿੰਦੇ ਹਨ। 1990 ਵਿਚ ਖੋਜਕਰਤਾ ਟੇਰੇਂਸ ਟਰੇਸੀ ਅਤੇ ਜੇਮਸ ਰਾਉਂਡ ਨੇ ਨੌਕਰੀ ਦੀਆਂ ਤਰਜੀਹਾਂ ਨੂੰ ਸਮਝਣ ਲਈ ਉਹਨਾਂ ਨੂੰ 3 ਭਾਗਾਂ ਵਿਚ ਵੰਡਿਆ ਸੀ। ਪਹਿਲਾ ਲੋਕਾਂ ਨਾਲ ਕੰਮ ਕਰਨਾ ਜਾਂ ਚੀਜ਼ਾਂ ਨਾਲ ਕੰਮ ਕਰਨਾ, ਦੂਜਾ ਵਿਚਾਰਾਂ ਨਾਲ ਕੰਮ ਕਰਨਾ ਜਾਂ ਡੇਟਾ ਨਾਲ ਕੰਮ ਕਰਨਾ ਅਤੇ ਤੀਜਾ ਵੱਡੇ ਅਹੁਦਿਆਂ 'ਤੇ ਕੰਮ ਕਰਨਾ ਜਾਂ ਲੇਬਰ ਵਜੋਂ ਕੰਮ ਕਰਨਾ। ਖੋਜ ਦੇ ਇਸ ਮਾਡਲ ਨੂੰ ਸਫੈਰੀਕਲ ਮਾਡਲ ਕਿਹਾ ਜਾਂਦਾ ਹੈ।

ਮਾਡਲ ਨੇ ਪੁਸ਼ਟੀ ਕੀਤੀ ਕਿ ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਲੋਕਾਂ ਨਾਲ ਕੰਮ ਕਰਨਾ ਪਸੰਦ ਕਰਦੀਆਂ ਹਨ। ਜਦਕਿ ਮਰਦ ਔਰਤਾਂ ਦੀ ਤੁਲਨਾ ਵਿਚ ਚੀਜ਼ਾਂ (ਜਿਵੇਂ ਕਿ ਮਸ਼ੀਨਾਂ, ਔਜ਼ਾਰ, ਵਾਹਨ) ਨਾਲ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਇਸ ਖੋਜ ਦੀ ਮਦਦ ਨਾਲ ਨੌਕਰੀਆਂ ਦੇ ਖੇਤਰ ਅਤੇ ਖਾਸ ਕਰਕੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਵਿਚ ਲਿੰਗ ਦੇ ਆਧਾਰ 'ਤੇ ਅੰਤਰ ਨੂੰ ਸਮਝਣ ਵਿਚ ਵੀ ਮਦਦ ਮਿਲਦੀ ਹੈ।

ਇਸ ਖੋਜ ਵਿਚ ਉਹਨਾਂ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਜਿੱਥੇ ਅਧਿਐਨ ਲਈ ਘੱਟੋ-ਘੱਟ 30 ਪੁਰਸ਼ਾਂ ਅਤੇ ਔਰਤਾਂ ਦਾ ਡੇਟਾ ਉਪਲਬਧ ਹੈ। ਇਸ ਆਧਾਰ 'ਤੇ 75,908 ਲੋਕਾਂ ’ਤੇ ਇਹ ਅਧਿਐਨ ਕੀਤਾ ਗਿਆ। ਕੈਨੇਡਾ, ਚਿਲੀ, ਫਰਾਂਸ, ਗ੍ਰੀਸ, ਮਲੇਸ਼ੀਆ, ਪਾਕਿਸਤਾਨ, ਕੋਰੀਆ ਗਣਰਾਜ ਅਤੇ ਸਿੰਗਾਪੁਰ ਵਿਚ ਮਰਦਾਂ ਦੀ ਤੁਲਨਾ ਵਿਚ ਔਰਤਾਂ ਨੇ ਵੱਡੇ ਅਹੁਦਿਆਂ ਵਾਲੀ ਨੌਕਰੀ ਨੂੰ ਤਰਜੀਹ ਦਿੱਤੀ।