ਮੈਨੂੰ ਭਗੌੜਾ ਕਹਿਣ ਵਾਲੇ ਮੋਦੀ ਬੈਂਕਾਂ ਨੂੰ ਪੈਸਾ ਲੈਣ ਨੂੰ ਕਿਉਂ ਨਹੀਂ ਕਹਿੰਦੇ : ਮਾਲਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਾਲਿਆ ਨੇ ਇਹ ਗੱਲ ਦੁਹਰਾਈ ਕਿ ਉਸ ਨੇ ਕਰਨਾਟਕ ਹਾਈਕੋਰਟ ਦੇ ਸਾਹਮਣੇ ਸੇਟਲਮੈਂਟ ਦਾ ਮਤਾ ਰੱਖਿਆ ਸੀ।

Vijay Mallya

ਲੰਡਨ  : ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਟਵੀਟ ਰਾਹੀਂ ਸਵਾਲ ਕੀਤਾ ਹੈ ਕਿ ਮੋਦੀ ਬੈਂਕਾਂ ਨੂੰ ਇਹ ਨਿਰਦੇਸ਼ ਕਿਉਂ ਨਹੀਂ ਦਿੰੰਦੇ ਕਿ ਉਹ ਪੈਸਾ ਵਾਪਸ ਮੋੜਨ ਦੀ ਮੇਰੀ ਪੇਸ਼ਕਸ਼ ਨੂੰ ਕਬੂਲ ਕਰ ਲੈ ਤਾਂ ਕਿ ਜਨਤਾ ਦੀ ਉਸ ਰਕਮ ਦੀ ਰਿਕਵਰੀ ਹੋ ਸਕੇ ਜੋ ਕਿ ਕਿੰਗਫਿਸ਼ਰ ਨੂੰ ਲੋਨ ਦੇ ਤੌਰ 'ਤੇ ਦਿਤੀ ਗਈ ਸੀ। ਮਾਲਿਆ ਨੇ ਲੜੀਵਾਰ 4 ਟਵੀਟ ਕੀਤੇ। ਉਹਨਾਂ ਨੇ ਸੰਸਦ ਵਿਚ ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਦੇ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੋਦੀ ਮੁੱਖ ਬੁਲਾਰੇ ਹਨ। ਉਹਨਾਂ ਨੇ ਬਿਨਾਂ ਨਾਮ ਲਏ ਕਿਹਾ ਕਿ ਇਕ ਵਿਅਕਤੀ 9000 ਕਰੋੜ ਰੁਪਏ ਲੈ ਕੇ ਭੱਜ ਗਿਆ। ਉਹਨਾਂ ਨੇ ਮੀਡੀਆ ਨੂੰ ਇਹ ਮੁੱਦਾ ਦਿਤਾ। ਮੈਂ ਸਮਝਦਾ ਹਾਂ ਕਿ ਉਹਨਾਂ ਦਾ ਇਹ ਇਸ਼ਾਰਾ ਮੇਰੇ ਵੱਲ ਹੀ ਸੀ। ਮਾਲਿਆ ਨੇ ਇਹ ਗੱਲ ਦੁਹਰਾਈ ਕਿ ਉਸ ਨੇ ਕਰਨਾਟਕ ਹਾਈਕੋਰਟ ਦੇ ਸਾਹਮਣੇ ਸੇਟਲਮੈਂਟ ਦਾ ਮਤਾ ਰੱਖਿਆ ਸੀ।

ਇਸ ਨੂੰ ਨਕਾਰਿਆ ਨਹੀਂ ਜਾ ਸਕਦਾ। ਇਹ ਇਕ ਗੰਭੀਰ ਅਤੇ ਈਮਾਨਦਾਰ ਕੋਸ਼ਿਸ਼ ਸੀ। ਕਿੰਗਫਿਸ਼ਰ ਨੂੰ ਦਿਤੀ ਗਈ ਰਕਮ ਬੈਂਕ ਵਾਪਸ ਕਿਉਂ ਨਹੀਂ ਲੈਂਦੇ। ਇਨਫੋਰਸਮੈਂਟ ਵਿਭਾਗ ਦਾ ਦਾਅਵਾ ਹੈ ਕਿ ਮੈਂ ਅਪਣੀ ਜਾਇਦਾਦ ਲੁਕਾਈ, ਪਰ ਜੇਕਰ ਅਜਿਹਾ ਹੁੰਦਾ ਤਾਂ ਮੈਂ ਅਦਾਲਤ ਸਾਹਮਣੇ  14,000 ਕਰੋੜ ਰੁਪਏ ਦਾ ਜਾਇਦਾਦ ਦਾ ਖੁਲਾਸਾ ਕਿਉਂ ਕਰਦਾ ?

4 ਫਰਵਰੀ ਨੂੰ ਬ੍ਰਿਟਿਸ਼ ਸਰਕਾਰ ਨੇ ਮਾਲਿਆ ਦੀ ਸਪੂਰਦਗੀ ਨੂੰ ਪ੍ਰਵਾਨਗੀ ਦੇ ਦਿਤੀ ਹੈ। ਹਾਲਾਂਕਿ ਉਹ ਇਸ ਫ਼ੈਸਲੇ ਵਿਰੁਧ ਲੰਡਨ ਦੀ ਹਾਈਕੋਰਟ ਵਿਚ ਅਪੀਲ ਕਰਨਗੇ। ਉਥੇ ਹੀ ਹੇਠਲੀ ਅਦਾਲਤ ਨੇ ਦਸੰਬਰ ਵਿਚ ਹੀ ਮਾਲਿਆ ਦੀ ਸਪੁਰਦਗੀ ਦੀ ਪ੍ਰਵਾਨਗੀ ਦਿਤੀ ਸੀ। ਦੱਸ ਦਈਏ ਕਿ ਮਾਲਿਆ 'ਤੇ ਭਾਰਤੀ ਬੈਂਕਾਂ ਦੇ 9000 ਕਰੋੜ ਰੁਪਏ ਬਕਾਇਆ ਹਨ। ਉਹ ਮਾਰਚ 2016 ਵਿਚ ਲੰਡਨ ਭੱਜ ਗਿਆ ਸੀ।

ਭਾਰਤ ਨੇ ਪਿਛਲੇ ਸਾਲ ਫਰਵਰੀ ਵਿਚ ਬ੍ਰਿਟੇਨ ਨੂੰ ਉਸ ਦੀ ਸਪੁਰਦਗੀ ਦੀ ਅਪੀਲ ਕੀਤੀ ਸੀ। ਪਿਛਲੇ ਦਿਨੀਂ ਇਨਫੋਰਸਮੈਂਟ ਵਿਭਾਗ ਨੇ ਅਪਣੀ ਜਾਂਚ ਰੀਪੋਰਟ ਵਿਚ ਕਿਹਾ ਸੀ ਕਿ ਮਾਲਿਆ ਦਾ ਕਰਜ਼ ਵਾਪਸ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹ ਸ਼ੁਰੂ ਤੋਂ ਹੀ ਲੋਨ ਦਾ ਪੈਸਾ ਵਿਦੇਸ਼ ਭੇਜਣ ਵਿਚ ਲਗਾ ਹੋਇਆ ਸੀ।