ਰਿਸ਼ਵਤ ਕਾਂਡ 'ਚ ਫਸੀ ਹਾਲੀਵੁਡ ਅਦਾਕਾਰਾ ; ਕੱਟਣੀ ਪੈ ਸਕਦੀ ਹੈ 20 ਸਾਲ ਦੀ ਜੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੇਟੀ ਦਾ ਦਾਖ਼ਲਾ ਕਰਵਾਉਣ ਲਈ 15 ਹਜ਼ਾਰ ਡਾਲਰ ਦੀ ਰਿਸ਼ਵਤ ਦਿੱਤੀ ਸੀ

Felicity Huffman

ਨਿਊਯਾਰਕ : ਆਸਕਰ ਲਈ ਨਾਮਜ਼ਦ ਹਾਲੀਵੁਡ ਫ਼ਿਲਮ 'ਡੇਸਪਰੇਟ ਹਾਊਸਵਾਈਫ਼ਜ਼' ਦੀ ਸਟਾਰ ਅਦਾਕਾਰਾ ਫੈਲਿਸਿਟੀ ਹਫ਼ਮੈਨ ਸਮੇਤ ਹਾਲੀਵੁਡ ਦੀਆਂ ਦੋ ਅਦਾਕਾਰਾਂ ਦੇਸ਼ ਪੱਧਰੀ ਯੂਨੀਵਰਸਿਟੀ ਘੁਟਾਲੇ ਵਿਚ 50 ਮੁਲਜ਼ਮਾਂ 'ਚ ਸ਼ਾਮਲ ਹਨ। ਜਿਵੇਂ ਹੀ ਉਨ੍ਹਾਂ 'ਤੇ ਇਹ ਦੋਸ਼ ਸਾਬਤ ਹੋਏ ਤਾਂ ਉਹ ਰੋਣ ਲੱਗੀਆਂ। ਹਫ਼ਮੈਨ 'ਤੇ ਇਸ ਧੋਖਾਥੜੀ ਲਈ 1500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਜਦੋਂ ਉਹ ਇਸ ਮਾਮਲੇ 'ਚ ਅਦਾਲਤ ਵਿਚ ਪੇਸ਼ ਹੋਈਆਂ ਤਾਂ ਸ਼ਿਕਾਇਤਕਰਤਾ ਨੇ ਕਾਲਜ 'ਚ ਦਾਖ਼ਲਾ ਘੁਟਾਲੇ ਵਿਚ ਉਨ੍ਹਾਂ ਦੀ ਭੂਮਿਕਾ ਲਈ ਉਨ੍ਹਾਂ ਨੂੰ 4 ਮਹੀਨੇ ਜੇਲ ਦੀ ਸਜ਼ਾ ਦੀ ਸਿਫ਼ਾਰਸ਼ ਕੀਤੀ।

ਹਫ਼ਮੈਨ ਨੇ ਇਹ ਗੱਲ ਮੰਨੀ ਕਿ ਉਸ ਨੇ ਸਾਲ 2017 'ਚ ਆਪਣੀ ਬੇਟੀ ਦੀ ਪ੍ਰੀਖਿਆ ਦੇ ਉੱਤਰਾਂ ਨੂੰ ਸਹੀ ਕਰਵਾਉਣ ਲਈ 15 ਹਜ਼ਾਰ ਡਾਲਰ ਦੀ ਰਿਸ਼ਵਤ ਦਿੱਤੀ ਸੀ। ਹਫ਼ਮੈਨ ਨੇ ਕਿਹਾ, "ਮੈਂ ਆਪਣੀ ਗਲਤੀ ਮੰਨਦੀ ਹਾਂ ਅਤੇ ਸ਼ਰਮਿੰਦਾ ਵੀ ਹਾਂ। ਮੈਂ ਜੋ ਕੀਤਾ ਉਸ ਦੀ ਜ਼ਿੰਮੇਵਾਰੀ ਲੈਂਦੀ ਹਾਂ ਅਤੇ ਇਸ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਹਾਂ।" ਇਸ ਅਪਰਾਧ ਲਈ 20 ਸਾਲ ਤਕ ਦੀ ਜੇਲ ਅਤੇ 2,50,000 ਡਾਲਰ ਦੇ ਜੁਰਮਾਨੇ ਦਾ ਕਾਨੂੰਨ ਹੈ। ਹਾਲਾਂਕਿ ਅਪਰਾਧ ਕਬੂਲਣ ਕਾਰਨ ਹਫ਼ਮੈਨ ਨੂੰ ਸਜ਼ਾ 'ਚ ਛੋਟ ਮਿਲਣ ਦੀ ਸੰਭਾਵਨਾ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਯੇਲ, ਸਟੈਨਫ਼ੋਰਡ, ਜੋਰਜਟਾਊਨ ਅਤੇ ਯੂਨੀਵਰਸਿਟੀ ਆਫ਼ ਸਦਰਨ ਕੈਲੇਫ਼ੋਰਨੀਆ ਸਮੇਤ ਪ੍ਰਸਿੱਧ ਯੂਨੀਵਰਸਿਟੀਆਂ 'ਚ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਕਥਿਤ ਤੌਰ 'ਤੇ ਧੋਥਾਧੜੀ ਕੀਤੀ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਮਾਮਲੇ 'ਚ ਮੁੱਖ ਸਾਜ਼ਸ਼ਘਾੜੇ ਵਿਲੀਅਮ 'ਰਿਕ' ਸਿੰਗਰ ਨੂੰ 2.5 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਉਸ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਜਾਂਚ 'ਚ ਸਹਿਯੋਗ ਕਰ ਰਿਹਾ ਹੈ।