ਅਮਰੀਕੀ ਸੂਬੇ ਮਿਨੇਸੋਟਾ ’ਚ ਸੰਸਦ ਮੈਂਬਰ ਅਤੇ ਉਸ ਦੇ ਪਤੀ ਦਾ ਕਤਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿਆਸੀ ਤੌਰ ’ਤੇ  ਪ੍ਰੇਰਿਤ ਸੀ ਗੋਲੀਬਾਰੀ : ਗਵਰਨਰ

Murder of a member of parliament and her husband in the US state of Minnesota

ਚੈਂਪਲਿਨ (ਅਮਰੀਕਾ) : ਅਮਰੀਕੀ ਸੂਬੇ ਮਿਨੇਸੋਟਾ ਦੇ ਸਦਨ ਦੀ ਸਾਬਕਾ ਸਪੀਕਰ ਮੇਲਿਸਾ ਹੋਰਟਮੈਨ ਅਤੇ ਉਨ੍ਹਾਂ ਦੇ ਪਤੀ ਦੀ ਸਨਿਚਰਵਾਰ  ਨੂੰ ਸਿਆਸੀ ਤੌਰ ’ਤੇ ਪ੍ਰੇਰਿਤ ਗੋਲੀਬਾਰੀ ’ਚ ਮੌਤ ਹੋ ਗਈ। ਸਨਿਚਰਵਾਰ  ਤੜਕੇ ਉਨ੍ਹਾਂ ਦੇ ਘਰਾਂ ’ਤੇ  ਹੋਏ ਹਮਲਿਆਂ ’ਚ ਇਕ ਹੋਰ ਵਿਧਾਇਕ ਵੀ ਜ਼ਖਮੀ ਹੋ ਗਿਆ। 

ਚੈਂਪਲਿਨ ਦੇ ਮੇਅਰ ਰਿਆਨ ਸਾਬਾਸ ਨੇ ਕਿਹਾ ਕਿ ਸਟੇਟ ਸੈਨੇਟਰ ਜੌਨ ਹੌਫਮੈਨ ਅਤੇ ਸਟੇਟ ਦੀ ਪ੍ਰਤੀਨਿਧੀ ਮੇਲਿਸਾ ਹੋਰਟਮੈਨ ਨੂੰ ਗੋਲੀ ਮਾਰ ਦਿਤੀ  ਗਈ ਅਤੇ ਹੋਰਟਮੈਨ ਦੇ ਪਤੀ ਨੂੰ ਵੀ ਗੋਲੀ ਮਾਰ ਦਿਤੀ  ਗਈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਦਸਿਆ  ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੱਕੀ ਖੁਦ ਨੂੰ ਕਾਨੂੰਨ ਲਾਗੂ ਕਰਨ ਵਾਲਾ ਅਧਿਕਾਰੀ ਦੱਸ ਰਿਹਾ ਸੀ। 

ਵਿਅਕਤੀ ਨੇ ਕਿਹਾ ਕਿ ਜਾਂਚਕਰਤਾ ਅਜੇ ਵੀ ਹਮਲਿਆਂ ਦੇ ਮਕਸਦ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਅਤੇ ਅਜੇ ਵੀ ਜਾਂਚ ਦੇ ਸ਼ੁਰੂਆਤੀ ਪੜਾਅ ’ਚ ਹਨ। ਗਵਰਨਰ ਟਿਮ ਵਾਲਜ਼ ਨੇ ਕਿਹਾ ਕਿ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ। 

ਡੈਮੋਕ੍ਰੇਟ ਹੌਫਮੈਨ ਪਹਿਲੀ ਵਾਰ 2012 ’ਚ ਚੁਣੇ ਗਏ ਸਨ। ਉਹ ਇਕ  ਸਲਾਹਕਾਰ ਫਰਮ ਹੌਫਮੈਨ ਸਟਰੈਟੇਜਿਕ ਐਡਵਾਈਜ਼ਰਜ਼ ਚਲਾਉਂਦੇ ਹਨ। ਉਨ੍ਹਾਂ ਨੇ  ਪਹਿਲਾਂ ਅਨੋਕਾ ਹੈਨੇਪਿਨ ਸਕੂਲ ਬੋਰਡ ਦੇ ਉਪ ਪ੍ਰਧਾਨ ਵਜੋਂ ਸੇਵਾ ਨਿਭਾਈ, ਜੋ ਮਿਨੇਸੋਟਾ ਦੇ ਸੱਭ ਤੋਂ ਵੱਡੇ ਸਕੂਲ ਜ਼ਿਲ੍ਹੇ ਦਾ ਪ੍ਰਬੰਧਨ ਕਰਦਾ ਹੈ। ਗੋਲੀਬਾਰੀ ਦੀ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਦੇਸ਼ ਭਰ ਦੇ ਸਿਆਸੀ ਨੇਤਾ ਡੂੰਘੇ ਸਿਆਸੀ ਮਤਭੇਦਾਂ ਦੇ ਸਮੇਂ ਦੌਰਾਨ ਲੋਕਾਂ ਦੇ ਨਿਸ਼ਾਨੇ ’ਤੇ ਹਨ।