ਫਰਾਂਸ: ਬੈਸਟਿਲ ਡੇਅ ਮੌਕੇ ਪੰਜਾਬ ਰੈਜੀਮੈਂਟ ਨੇ ਕੀਤਾ ਮਾਰਚ, ਪ੍ਰਧਾਨ ਮੰਤਰੀ ਨੇ ਦਿਤੀ ਸਲਾਮੀ
ਭਾਰਤ ਦੀਆਂ ਤਿੰਨੋਂ ਸੇਵਾਵਾਂ ਦੀਆਂ ਟੁਕੜੀ ਨੇ ਇਸ ਪਰੇਡ ਵਿਚ ਲਿਆ ਹਿੱਸਾ
ਪੈਰਿਸ: ਫਰਾਂਸ ਵਿਚ ਅੱਜ 14 ਜੁਲਾਈ ਨੂੰ ਬੈਸਟਿਲ ਡੇਅ ਵਜੋਂ ਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਾਰ ਫਰਾਂਸ ਦਾ ਇਹ ਰਾਸ਼ਟਰੀ ਦਿਵਸ ਭਾਰਤ ਲਈ ਵੀ ਬਹੁਤ ਖਾਸ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿਤਾ ਗਿਆ ਹੈ। ਇਸ ਦੌਰਾਨ ਭਾਰਤੀ ਫ਼ੌਜ ਦੀ ਪੰਜਾਬ ਰੈਜੀਮੈਂਟ ਨੂੰ ਬੈਸਟਿਲ ਡੇਅ ਮੌਕੇ ਪ੍ਰੋਗਰਾਮ ਵਿਚ ਮਾਰਚ ਕਰਨ ਲਈ ਸੱਦਾ ਦਿਤਾ ਗਿਆ ਸੀ। ਇਸ ਖ਼ਾਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਫ਼ੌਜ ਦੀ ਪੰਜਾਬ ਰੈਜੀਮੈਂਟ ਵਲੋਂ ਮਾਰਚ ਕਰਦੇ ਹੋਏ ਸਲਾਮੀ ਦਿਤੀ।
ਭਾਰਤ ਦੀਆਂ ਤਿੰਨੋਂ ਸੇਵਾਵਾਂ ਦੀਆਂ ਟੁਕੜੀ ਨੇ ਇਸ ਪਰੇਡ ਵਿਚ ਹਿੱਸਾ ਲੈ ਕੇ ਲੋਕਾਂ ਨੂੰ ਪ੍ਰਭਾਵਤ ਕੀਤਾ। ਇਸ ਮੌਕੇ 'ਤੇ ਫਰਾਂਸ ਦੇ ਲੜਾਕੂ ਜਹਾਜ਼ਾਂ ਦੇ ਨਾਲ ਭਾਰਤੀ ਹਵਾਈ ਫ਼ੌਜ ਦੇ ਰਾਫੇਲ ਲੜਾਕੂ ਜਹਾਜ਼ਾਂ ਨੇ ਵੀ 'ਫਲਾਈਪਾਸਟ' ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਭਾਰਤ, ਅਪਣੀਆਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ, ਸਾਡੀ ਧਰਤੀ ਨੂੰ ਸ਼ਾਂਤੀਪੂਰਨ, ਖੁਸ਼ਹਾਲ ਅਤੇ ਟਿਕਾਊ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਦ੍ਰਿੜ ਹੈ। ਭਾਰਤ ਦੇ 1.4 ਅਰਬ ਲੋਕ ਮਜ਼ਬੂਤ ਅਤੇ ਭਰੋਸੇਮੰਦ ਭਾਈਵਾਲ ਹੋਣ ਲਈ ਫਰਾਂਸ ਦੇ ਹਮੇਸ਼ਾ ਧੰਨਵਾਦੀ ਰਹਿਣਗੇ। ਇਹ ਰਿਸ਼ਤਾ ਹੋਰ ਮਜਬੂਤ ਹੋਵੇ”।
ਫਰਾਂਸ਼ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਟਵੀਟ ਕੀਤਾ, "ਵਿਸ਼ਵ ਇਤਿਹਾਸ ਦਾ ਇਕ ਦਿੱਗਜ, ਭਵਿੱਖ ਵਿਚ ਇਕ ਨਿਰਣਾਇਕ ਖਿਡਾਰੀ, ਇਕ ਰਣਨੀਤਕ ਸਾਥੀ, ਇਕ ਦੋਸਤ। ਸਾਨੂੰ 14 ਜੁਲਾਈ ਦੀ ਪਰੇਡ ਵਿਚ ਅਪਣੇ ਮਹਿਮਾਨ ਵਜੋਂ ਭਾਰਤ ਦਾ ਸਵਾਗਤ ਕਰਨ 'ਤੇ ਮਾਣ ਹੈ।'' ' ‘ਸਾਰੇ ਜਹਾਂ ਸੇ ਅੱਛਾ' ਦੀ ਧੁਨ 'ਤੇ ਮਾਰਚ ਕਰਦੇ ਹੋਏ ਭਾਰਤ ਦੀਆਂ ਤਿੰਨਾਂ ਸੇਵਾਵਾਂ ਦੇ 269 ਮੈਂਬਰੀ ਦਲ ਨੇ ਪਰੇਡ ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਸਟੇਜ ਤੋਂ ਲੰਘਦੇ ਹੋਏ ਭਾਰਤੀ ਦਲ ਨੂੰ ਸਲਾਮੀ ਦਿਤੀ, ਉਹ ਸਟੇਜ ਉਤੇ ਮੈਕਰੋਨ ਅਤੇ ਹੋਰ ਪਤਵੰਤਿਆਂ ਨਾਲ ਬੈਠੇ ਸਨ।
ਪੂਰੀ ਪਰੇਡ ਦੌਰਾਨ ਮੈਕਰੋਨ ਮੋਦੀ ਨੂੰ ਰਵਾਇਤੀ ਪਰੇਡ ਦੀਆਂ ਵਿਸ਼ੇਸ਼ਤਾਵਾਂ ਸਮਝਾਉਂਦੇ ਨਜ਼ਰ ਆਏ। ਫਰਾਂਸਿਸੀ ਨੈਸ਼ਨਲ ਡੇਅ ਜਾਂ ਬੈਸਟਿਲ ਡੇਅ ਦਾ ਫਰਾਂਸ ਦੇ ਇਤਿਹਾਸ ਵਿਚ ਇਕ ਵਿਸ਼ੇਸ਼ ਸਥਾਨ ਹੈ ਕਿਉਂਕਿ ਇਹ 1789 ਵਿਚ ਫਰਾਂਸੀਸੀ ਕ੍ਰਾਂਤੀ ਦੌਰਾਨ ਬੈਸਟਿਲ ਜੇਸ ’ਤੇ ਹੋਏ ਹਮਲੇ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਸਮਾਗਮ ਦਾ ਮੁੱਖ ਆਕਰਸ਼ਣ ਬੈਸਟਿਲ ਡੇਅ ਪਰੇਡ ਹੈ।