Israel-Hamas Conflict: ਇਜ਼ਰਾਈਲ ਦਾ ਦਾਅਵਾ, ਹਮਾਸ ਦੀ ‘ਸੰਸਦ’ ’ਤੇ ਇਜ਼ਰਾਈਲੀ ਫ਼ੌਜ ਦਾ ਕਬਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਗਾਜ਼ਾ ’ਤੇ ਹਮਾਸ ਦਾ ਕਬਜ਼ਾ ਖ਼ਤਮ

Israel-Hamas Conflict: Israeli troops take over Gaza Parliament building

Israel-Hamas Conflict: ਇਜ਼ਰਾਈਲ-ਹਮਾਸ ਯੁੱਧ ਦੇ 39ਵੇਂ ਦਿਨ ਗਾਜ਼ਾ ਵਿਚ ਇਜ਼ਰਾਇਲੀ ਫ਼ੌਜਾਂ ਅਤੇ ਹਮਾਸ ਦਰਮਿਆਨ ਲੜਾਈ ਜਾਰੀ ਹੈ। ਮੀਡੀਆ ਰੀਪੋਰਟਾਂ ਮੁਤਾਬਕ ਜੰਗ ਕਾਰਨ ਗਾਜ਼ਾ ਵਿਚ ਹੁਣ ਤਕ 23 ਲੱਖ ਲੋਕਾਂ ਨੂੰ ਅਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਹੈ। 7 ਅਕਤੂਬਰ ਤੋਂ ਚੱਲ ਰਹੀ ਇਸ ਜੰਗ ਵਿਚ 11,000 ਤੋਂ ਵੱਧ ਫਲਸਤੀਨੀ ਮਾਰੇ ਜਾਣ ਦੀਆਂ ਖ਼ਬਰਾਂ ਹਨ।

ਇਜ਼ਰਾਈਲ ਨੇ ਕਿਹਾ ਕਿ ਫ਼ੌਜ ਨੇ ਗਾਜ਼ਾ ਸ਼ਹਿਰ ਨੂੰ ਚਾਰੋਂ ਪਾਸਿਉਂ ਘੇਰ ਲਿਆ ਹੈ। ਇਸ ਦੇ ਨਾਲ ਹੀ ਇਕ ਇਜ਼ਰਾਇਲੀ ਫ਼ੌਜੀ ਨੇ ਦਾਅਵਾ ਕੀਤਾ ਹੈ ਕਿ ਫ਼ੌਜ ਨੇ ਹਮਾਸ ਦੀ 'ਸੰਸਦ' 'ਤੇ ਕਬਜ਼ਾ ਕਰ ਲਿਆ ਹੈ। ਇਜ਼ਰਾਇਲੀ ਫੌਜ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ IDF ਦੇ ਗੋਲਾਨੀ ਬ੍ਰਿਗੇਡ ਗਾਜ਼ਾ 'ਚ ਹਮਾਸ ਦੀ ਸੰਸਦ ਭਵਨ ਦੇ ਅੰਦਰ ਮੌਜੂਦ ਹੈ ਅਤੇ ਉਹ ਅਪਣੇ ਦੇਸ਼ ਦਾ ਝੰਡਾ ਲਹਿਰਾ ਰਹੇ ਹਨ।

ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਇਜ਼ਰਾਇਲੀ ਫ਼ੌਜੀ ਸੰਸਦ ਦੇ ਸਪੀਕਰ ਦੀ ਕੁਰਸੀ 'ਤੇ ਬੈਠੇ ਹਨ। ਦਿ ਟਾਈਮਜ਼ ਆਫ ਇਜ਼ਰਾਈਲ ਦੀ ਰੀਪੋਰਟ ਮੁਤਾਬਕ ਫਲਸਤੀਨੀ ਵਿਧਾਨ ਪ੍ਰੀਸ਼ਦ ਦੀ ਇਮਾਰਤ 2007 ਤੋਂ ਹਮਾਸ ਦੇ ਕੰਟਰੋਲ ਹੇਠ ਸੀ, ਜਿਸ ਨੂੰ ਹੁਣ ਇਜ਼ਰਾਈਲੀ ਬਲਾਂ ਨੇ ਅਪਣੇ ਕਬਜ਼ੇ ਵਿਚ ਲੈ ਲਿਆ ਹੈ।

ਹਮਾਸ ਨੇ ਗਾਜ਼ਾ ਪੱਟੀ 'ਤੇ ਕਬਜ਼ਾ ਗੁਆ ਦਿਤਾ: ਇਜ਼ਰਾਈਲੀ ਰੱਖਿਆ ਮੰਤਰੀ

ਐਫਪੀ ਦੀ ਰੀਪੋਰਟ ਮੁਤਾਬਕ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਕਿਹਾ, ''16 ਸਾਲਾਂ ਤੋਂ ਗਾਜ਼ਾ ਪੱਟੀ 'ਤੇ ਕਬਜ਼ਾ ਕਰਨ ਵਾਲੇ ਹਮਾਸ ਦੇ ਅਤਿਵਾਦੀ ਹੁਣ ਅਪਣਾ ਕਬਜ਼ਾ ਗੁਆ ਚੁੱਕੇ ਹਨ। ਹਮਾਸ ਦੇ ਲੜਾਕੇ ਦੱਖਣੀ ਗਾਜ਼ਾ ਵੱਲ ਭੱਜ ਰਹੇ ਹਨ”। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਅੱਗੇ ਕਿਹਾ, "ਫਲਸਤੀਨੀ ਨਾਗਰਿਕ ਹਮਾਸ ਦੇ ਠਿਕਾਣਿਆਂ ਨੂੰ ਲੁੱਟ ਰਹੇ ਹਨ। ਗਾਜ਼ਾ ਦੇ ਨਾਗਰਿਕਾਂ ਨੂੰ ਸਰਕਾਰ (ਹਮਾਸ ਸਰਕਾਰ) ਵਿਚ ਕੋਈ ਵਿਸ਼ਵਾਸ ਨਹੀਂ ਹੈ।

ਉਧਰ ਇਜ਼ਰਾਈਲ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਹ ਜੰਗ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਅਸੀਂ ਹਮਾਸ ਦੁਆਰਾ ਬੰਦੀ ਬਣਾਏ ਗਏ ਸਾਰੇ ਇਜ਼ਰਾਇਲੀ ਨਾਗਰਿਕਾਂ ਨੂੰ ਰਿਹਾਅ ਨਹੀਂ ਕਰ ਦਿੰਦੇ। ਕੁੱਝ ਦਿਨ ਪਹਿਲਾਂ ਇਜ਼ਰਾਈਲ ਨੇ ਕਿਹਾ ਸੀ ਕਿ ਗਾਜ਼ਾ ਨੂੰ ਦੋ ਹਿੱਸਿਆਂ (ਉੱਤਰੀ ਅਤੇ ਦੱਖਣੀ ਗਾਜ਼ਾ) ਵਿਚ ਵੰਡਿਆ ਗਿਆ ਹੈ। ਗਾਜ਼ਾ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਮਰਨ ਵਾਲਿਆਂ ਵਿਚ 4,630 ਬੱਚੇ ਅਤੇ 3,130 ਔਰਤਾਂ ਸ਼ਾਮਲ ਹਨ, ਜਦਕਿ 29,000 ਹੋਰ ਲੋਕ ਜ਼ਖ਼ਮੀ ਹੋਏ ਹਨ। ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਕਿਹਾ ਕਿ ਉੱਤਰੀ ਗਾਜ਼ਾ ਦੀਆਂ ਸੜਕਾਂ 'ਤੇ ਦਰਜਨਾਂ ਲਾਸ਼ਾਂ ਪਈਆਂ ਹਨ। ਇਥੇ ਸੱਭ ਤੋਂ ਭਿਆਨਕ ਲੜਾਈ ਚੱਲ ਰਹੀ ਹੈ।

(For more news apart from Israeli troops take over Gaza Parliament building, stay tuned to Rozana Spokesman)